ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਨੇਪਾਲ ਨੇ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲਗਭਗ 500 ਸਾਲ ਪਹਿਲਾਂ ਕਾਠਮਾਂਡੂ ਦੇ ਬਾਹਰੀ ਹਿੱਸੇ ਬਾਲਜੂ ਇਲਾਕੇ ਦਾ ਦੌਰਾ ਕੀਤਾ ਸੀ।
ਨੇਪਾਲ ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕੇ ਕੀਤੇ ਜਾਰੀ - 550th prakash purb
ਦੇਸ਼ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਨੇਪਾਲ ਸਰਕਾਰ ਨੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਨੇਪਾਲ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਯਾਦਗਾਰੀ ਸਿੱਕੇ ਜਾਰੀ ਕੀਤੇ ਹਨ।
ਨੇਪਾਲ ਨੈਸ਼ਨਲ ਬੈਂਕ ਦੇ ਰਾਜਪਾਲ ਚਿੰਰਜੀਵੀ ਨੇਪਾਲ ਅਤੇ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਮਨਜੀਵ ਸਿੰਘ ਪੁਰੀ ਨੇ ਸਾਂਝੇ ਤੌਰ 'ਤੇ 100, 1000 ਅਤੇ 2500 ਨੇਪਾਲੀ ਰੁਪਏ ਮੁੱਲ ਦੇ ਸਿੱਕੇ ਜਾਰੀ ਕੀਤੇ। ਇੰਡੀਆ ਇਨ ਨੇਪਾਲ ਨੇ ਇੱਕ ਟਵੀਟ ਕਰਕੇ ਕਿਹਾ, 550ਵੇਂ ਪ੍ਰਕਾਸ਼ ਪੁਰਬ ਮੌਕੇ ਕਾਠਮਾਂਡੂ ਦੇ ਹੋਟਲ ਅਲੌਫ਼ਟ ਵਿਖੇ “ਸਿੱਖ ਹੈਰੀਟੇਜ ਆਫ਼ ਨੇਪਾਲ” ਨਾਮੀਂ ਇੱਕ ਕਿਤਾਬ ਦੀ ਵੀ ਘੁੰਢ ਚੁਕਾਈ ਕੀਤੀ ਗਈ।
ਭਾਰਤੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨੇਪਾਲ ਦੇ ਕੇਂਦਰੀ ਬੈਂਕ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸਿੱਕੇ ਜਾਰੀ ਕੀਤੇ ਜਾਣ ਨਾਲ ਨੇਪਾਲ ਵਿੱਚ ਡੂੰਘੇ ਸਿੱਖ ਸਬੰਧਾਂ ਨੂੰ ਦਿਖਾਉਂਦਾ ਹੈ। ਇਸ ਮੌਕੇ ਕਰਵਾਏ ਸਮਾਗਮ ਵਿੱਚ ਨੇਪਾਲ ਦੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਸਥਾਨਕ ਲੋਕ ਵੀ ਸ਼ਾਮਿਲ ਹੋਏ। ਦੱਸ ਦਈਏ, ਕਾਠਮਾਂਡੂ ਨੇੜੇ ਬਾਲਾਜੂ ਦਾ ਨਾਨਕ ਮੱਠ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਪੰਜ ਸੌ ਸਾਲ ਪਹਿਲਾਂ ਆਏ ਸਨ। ਉਥੇ, ਸਦੀਆਂ ਪੁਰਾਣੀਆਂ ਹੱਥ ਲਿਖਤ ਸਿੱਖ ਪਾਂਡੂਲਿਪੀਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ।