ਨਵੀਂ ਦਿੱਲੀ: ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਟੈਸਟ (ਨੀਟ) ਦੇ ਨਤੀਜੇ ਅੱਜ (16 ਅਕਤੂਬਰ) ਨੂੰ ਐਲਾਨੇ ਜਾਣਗੇ। ਉਹ ਵਿਦਿਆਰਥੀ ਜੋ ਕੋਵਿਡ-19 ਲਾਗ ਜਾਂ ਸੀਮਤ ਖੇਤਰ ਦੀਆਂ ਪਾਬੰਦੀਆਂ ਕਾਰਨ ਪ੍ਰੀਖਿਆ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਨ, ਨੂੰ 14 ਅਕਤੂਬਰ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕੀਤਾ, ਕਿ 'ਡੀਜੀ ਐਨਟੀਏ 16 ਅਕਤੂਬਰ 2020 ਨੂੰ ਨੀਟ ਦੇ ਨਤੀਜੇ ਐਲਾਨੇਗੀ। ਨਤੀਜਿਆਂ ਦਾ ਸਹੀ ਸਮਾਂ ਬਾਅਦ ਵਿੱਚ ਦੱਸਿਆ ਜਾਵੇਗਾ। ਮੈਂ ਸਾਰੇ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। '
ਨੀਟ ਦੀ ਪ੍ਰੀਖਿਆ 13 ਸਤੰਬਰ ਨੂੰ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਸਾਵਧਾਨੀ ਉਪਾਵਾਂ ਦੇ ਵਿਚਕਾਰ ਕਰਵਾਈ ਗਈ ਸੀ। ਇਸ ਸਾਲ ਇਹ ਟੈਸਟ 11 ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਅਸਮ, ਬੰਗਾਲੀ, ਗੁਜਰਾਤੀ, ਕੰਨੜ, ਮਰਾਠੀ, ਓਡੀਆ, ਤਾਮਿਲ, ਤੇਲਗੂ ਅਤੇ ਉਰਦੂ ਵਿੱਚ ਕਰਵਾਇਆ ਗਿਆ ਸੀ। ਮੁਢਲੀ ਰਿਪੋਰਟ ਦੇ ਅਨੁਸਾਰ, 77 ਫ਼ੀਸਦੀ ਉਮੀਦਵਾਰਾਂ ਨੇ ਅੰਗਰੇਜ਼ੀ ਵਿੱਚ, ਲਗਭਗ 12 ਫ਼ੀਸਦੀ ਨੇ ਹਿੰਦੀ ਵਿੱਚ ਅਤੇ 11 ਫ਼ੀਸਦੀ ਨੇ ਹੋਰ ਭਾਸ਼ਾਵਾਂ ਵਿੱਚ ਪ੍ਰੀਖਿਆ ਦਿੱਤੀ ਸੀ।
ਇਸ ਤੋਂ ਪਹਿਲਾਂ, ਮਹਾਮਾਰੀ ਦੇ ਕਾਰਨ ਪ੍ਰੀਖਿਆ ਦੋ ਵਾਰ ਮੁਲਤਵੀ ਕੀਤੀ ਗਈ ਸੀ। ਨੈਸ਼ਨਲ ਐਗਜ਼ਾਮੀਨੇਸ ਏਜੰਸੀ (ਐਨਟੀਏ) ਨੇ ਮਹਾਮਾਰੀ ਦੇ ਮੱਦੇਨਜ਼ਰ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐਸਓਪੀ) ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ।
ਭੀੜ ਪ੍ਰਬੰਧਨ ਨੂੰ ਸੁਨਿਸ਼ਚਿਤ ਕਰਨ ਲਈ, ਐਨਟੀਏ ਨੇ ਇਸ ਸਾਲ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਕੇ 3,862 ਕਰ ਦਿੱਤੀ ਹੈ, ਜਦਕਿ ਸਾਲ 2019 ਵਿੱਚ ਇਹ 2,546 ਸੀ। ਨੀਟ ਦੀ ਪ੍ਰੀਖਿਆ 3 ਮਈ ਨੂੰ ਤਹਿ ਕੀਤੀ ਗਈ ਸੀ, ਪਰ ਬਾਅਦ ਵਿੱਚ ਇਹ ਪ੍ਰੀਖਿਆ 26 ਜੁਲਾਈ ਅਤੇ ਫਿਰ 13 ਸਤੰਬਰ ਨੂੰ ਕਰਵਾਈ ਜਾਣੀ ਤੈਅ ਹੋਈ ਸੀ।