ਬਿਹਾਰ: ਲੋਕਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ ਸਿਆਸੀ ਆਗੂ ਵਿਵਾਦਿਤ ਬਿਆਨ ਦੇਣ ਤੋਂ ਬਾਜ ਨਹੀਂ ਆ ਰਹੇ। ਇਸ ਵਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇਤਰਾਜ਼ਯੋਗ ਬਿਆਨ ਦੇ ਕੇ ਖ਼ੁਦ ਲਈ ਮੁਸੀਬਤਾਂ ਵਧਾ ਲਈਆਂ ਹਨ। ਬਿਹਾਰ 'ਚ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਵਿਵਾਦਿਤ ਭਾਸ਼ਣ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਭਾਸ਼ਣ ਦੀ ਸੀਡੀ ਮੰਗਵਾਈ ਹੈ।
ਐਡੀਸ਼ਨਲ ਸੀਈਓ ਸੰਜੈ ਕੁਮਾਰ ਸਿੰਘ ਨੇ ਕਿਹਾ ਕਿ ਮੀਡੀਆ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ, ਜ਼ਿਲ੍ਹਾ ਅਧਿਕਾਰੀ ਤੋਂ ਵੀਡੀਓ ਮੰਗਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ।
ਸਿੱਧੂ ਨੇ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇ ਲੋਕਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਹੈ ਤਾਂ ਸਾਰੇ ਮੁਸਲਮਾਨਾਂ ਨੂੰ ਇੱਕਜੁਟ ਹੋ ਕੇ ਵੋਟ ਕਰਨਾ ਹੋਵੇਗਾ। ਇਸ ਤੋਂ ਬਾਅਦ ਭਾਜਪਾ ਵੱਲੋਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਵੰਡਣ ਦੀ ਰਾਜਨੀਤੀ ਕਾਂਗਰਸ ਦੇ ਡੀਐਨਏ ਵਿੱਚ ਹੈ। ਇਹ ਕੋਈ ਨਵੀਂ ਪਰੰਪਰਾ ਨਹੀਂ ਹੈ।
ਇਸ ਤੋਂ ਇਲਾਵਾ ਸਿੱਧੂ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਰਦ ਨੂੰ ਆਪਣੇ ਸ਼ਬਦਾਂ ਦਾ ਪੱਕਾ ਹੋਣਾ ਚਾਹੀਦਾ ਹੈ ਪਰ ਨਰਿੰਦਰ ਮੋਦੀ ਸ਼ਬਦਾਂ ਦਾ ਝੂਠਾ ਹੈ। ਸਿੱਧੂ ਨੇ ਕਿਹਾ ਕਿ ਕੀ ਬੇਰੁਜ਼ਗਾਰੀ ਖ਼ਤਮ ਹੋਈ, 15 ਲੱਖ ਰੁਪਏ ਮਿਲੇ, ਗੰਗਾ ਦੀ ਸਫ਼ਾਈ ਹੋਈ, ਨਹੀਂ ਹੋਈ.. ਪਰ ਚੌਕੀਦਾਰ ਦੀ ਨਿਗਰਾਨੀ 'ਚ ਨੀਰਵ ਮੋਦੀ ਕਰੋੜਾਂ ਰੁਪਏ ਲੈ ਰੇ ਫ਼ਰਾਰ ਹੋ ਗਿਆ।