ਚੰਡੀਗੜ੍ਹ: ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਟਾਰ-ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਸਿੱਧੂ ਨੂੰ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ, ਸਿੱਖ ਬਹੁ-ਗਿਣਤੀ ਵਾਲੇ ਤੇ ਸਖ਼ਤ ਟੱਕਰ ਵਾਲੀਆਂ ਸੀਟਾਂ ਉੱਤੇ ਪ੍ਰਚਾਰ ਲਈ ਭੇਜਿਆ ਜਾ ਸਕਦਾ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਸਿੱਧੂ ਪੰਜਾਬ ਦੀ ਸਿਆਸਤ ’ਚੋਂ ਲਗਭਗ ਗ਼ਾਇਬ ਚੱਲ ਰਹੇ ਹਨ। ਅਜਿਹੇ ਹਾਲਾਤ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਦਾ ਹੋਣੇ ਸ਼ੁਰੂ ਹੋ ਗਏ ਸਨ ਜਦੋਂ ਸਿੱਧੂ ਦਾ ਆਪਣੀ ਹੀ ਪਾਰਟੀ ਦੇ ਆਗੂਆਂ ਨੇ ਵਿਰੋਧ ਕੀਤਾ ਸੀ। ਪਾਰਟੀ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਹਲਕਿਆਂ ਵਿੱਚ ਚੋਣ ਪ੍ਰਚਾਰ ਲਈ ਭੇਜ ਸਕਦੀ ਹੈ।
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਆਉਂਦੀ 21 ਅਕਤੂਬਰ ਨੂੰ ਹੋਣੀਆਂ ਹਨ। 7 ਅਕਤੂਬਰ ਤੋਂ ਬਾਅਦ ਹਰਿਆਣਾ ’ਚ ਚੋਣ ਪ੍ਰਚਾਰ ਆਪਣੇ ਪੂਰੇ ਸਿਖਰਾਂ 'ਤੇ ਹੋਵੇਗਾ। ਕਾਂਗਰਸ ਪਾਰਟੀ ਖ਼ੁਦ ਇਸ ਵੇਲੇ ਰਾਸ਼ਟਰੀ ਤੇ ਸੂਬਾਈ ਸਿਆਸਤ ਵਿੱਚ ਨਵਜੋਤ ਸਿੱਧੂ ਵਾਂਗ ਹੀ ਹਾਸ਼ੀਏ ’ਤੇ ਚੱਲ ਰਹੀ ਹੈ। ਹੁਣ ਪਾਰਟੀ ਨੇ ਹਰਿਆਣਾ ਦੀ ਸਿਆਸਤ ’ਤੇ ਮੁੜ ਕਾਬਜ਼ ਹੋਣ ਲਈ ਨਵਜੋਤ ਸਿੰਘ ਸਿੱਧੂ ਦੇ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਪ੍ਰਚਾਰ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਸਿੱਧੂ ਅੰਮ੍ਰਿਤਸਰ ’ਚ ਹੀ ਰਹਿ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਵੀ ਨਹੀਂ ਗਏ ਸਨ। ਇੱਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋਈਆਂ ਕੈਬਿਨੇਟ ਦੀਆਂ ਬੈਠਕਾਂ ਵਿੱਚ ਵੀ ਸਿੱਧੂ ਸ਼ਾਮਲ ਨਹੀਂ ਹੋਏ।