ਨਵੀਂ ਦਿੱਲੀ: ਪੁਰਾਤਨ ਸਾਹਿਲੀ ਨਗਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੋਵੇ ਦੇਸ਼ਾਂ ਦੇ ਰਿਸ਼ਤੇ ਨੂੰ ਲੈ ਕੇ ਗੱਲਬਾਤ ਹੋਈ। ਦੋਹਾਂ ਆਗੂਆਂ ਨੇ ਭਾਰਤ ਅਤੇ ਚੀਨ ਦੇ ਮੱਤਭੇਦਾਂ ਨੂੰ ਦੂਰ ਕਰਦਿਆਂ ਸਹਿਯੋਗ ਦਾ ਨਵਾਂ ਅਧਿਆਏ ਸ਼ੁਰੂ ਕਰਨ ਦਾ ਅਹਿਦ ਲਿਆ। ਇਸ ਮੁਲਾਕਾਤ ਵਿੱਚ ਕਸ਼ਮੀਰ ਮਸਲੇ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ।
ਅੱਤਵਾਦ ਖ਼ਿਲਾਫ਼ ਮਿਲ ਕੇ ਲੜਨਗੇ ਭਾਰਤ ਤੇ ਚੀਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਪਾਰ, ਨਿਵੇਸ਼ ਤੇ ਸੇਵਾ ਲਈ ਵੱਖਰੀ ਪ੍ਰਣਾਲੀ ਬਣਾਉਣ ਦਾ ਐਲਾਨ ਕਰ ਕੇ ਸਪੱਸ਼ਟ ਸੰਕੇਤ ਦਿੱਤਾ ਕਿ ਆਰਥਿਕ ਪ੍ਰਗਤੀ ਤੇ ਵਿਕਾਸ ਦਾ ਏਜੰਡਾ ਉਨ੍ਹਾਂ ਲਈ ਸਭ ਤੋਂ ਵੱਧ ਅਹਿਮ ਹੈ।
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਕਿਹਾ ਕਿ ਉਹ ਭਾਰਤ ਦੀ ਪ੍ਰਾਹੁਣਚਾਰੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਤੇ ਮੇਰੇ ਸਾਥੀਆਂ ਨੇ ਬਹੁਤ ਮਜ਼ਬੂਤੀ ਨਾਲ ਇਹ ਗੱਲ ਮਹਿਸੁਸ ਕੀਤੀ ਹੈ। ਇਹ ਮੇਰੇ ਤੇ ਸਾਡੇ ਸਭਨਾਂ ਲਈ ਬਹੁਤ ਯਾਦਗਾਰੀ ਪਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਗੱਲਬਾਤ ਦੇ ਨਾਲ ਮਤਭੇਦਾਂ ਨੂੰ ਸੁਲਝਾਉਣਾ ਚਾਹਿਦਾ ਹੈ। ਉਨ੍ਹਾਂ ਨੇ ਵਪਾਰ ਤੇ ਨਿਵੇਸ਼ ਅਤੇ ਭਰੋਸਾ ਬਹਾਲੀ ਦੇ ਯਤਨਾਂ ਨੂੰ ਹੋਰ ਵਧਾਉਣ ਦੇ ਰਾਹ ਲੱਭਣ ਸਮੇਤ ਹੋਰ ਕਈ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਚੀਨ ਅਤੇ ਭਾਰਤ ਨੇ ਅੱਤਵਾਦ ਅਤੇ ਕੱਟਰਵਾਦ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਭਵਿੱਖ ਵਿੱਚ ਅੱਤਵਾਦ ਖ਼ਿਲਾਫ ਦੋਵਾਂ ਦੇਸ਼ਾਂ ਨੇ ਮਿਲ ਕੇ ਲੜਾਈ ਲੜਨ 'ਤੇ ਸਹਿਮਤੀ ਜ਼ਾਹਿਰ ਕਰਨ ਦੇ ਨਾਲ ਕੱਟਰਵਾਦ ਨੂੰ ਦੂਰ ਕਰਨ ਦਾ ਸੰਕਲਪ ਵੀ ਲਿਆ।
ਮੀਟਿੰਗ ਵਿੱਚ ਸ਼ੀ ਅਤੇ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਆਪਣਾ ਭਵਿੱਖ ਦੇਖਣ ਦੀ ਜ਼ਰੂਰਤ ਹੈ। ਮੀਟਿੰਗ ਵਿੱਚ ਜਿਨਪਿੰਗ ਨੇ ਕਿਹਾ ਕਿ ਉਹ ਵਪਾਰ ਘਾਟੇ ਨੂੰ ਘੱਟ ਕਰਨ ਲਈ ਠੋਸ ਕਦਮ ਚੁੱਕਣ ਲਈ ਤਿਆਰ ਹਨ। ਇਸ ਦੇ ਨਾਲ ਹੀ ਜਿਨਪਿੰਗ ਨੇ ਭਰੋਸਾ ਦਿੱਤਾ ਕਿ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਉੱਤੇ ਭਾਰਤ ਦੀਆਂ ਚਿੰਤਾਵਾਂ ਉੱਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਸਕੱਤਰ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਨਾਲ ਸਬੰਧਿਤ ਮੁੱਦਿਆਂ ਲਈ ਇੱਕ ਵਿਸ਼ੇਸ਼ ਵਿਧੀ ਬਣੇਗੀ ਜਿਸ ਵਿੱਚ ਭਾਰਤ ਦੀ ਵਿੱਤ ਮੰਤਰੀ ਅਤੇ ਚੀਨ ਦੀ ਉਪ-ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਅਤੇ ਸ਼ੀ ਦੋਵਾਂ ਨੇ ਨਿਯਮ ਆਧਾਰਿਤ ਵਿਸ਼ਵੀ ਵਪਾਰ ਪ੍ਰਣਾਲੀ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਇਹ ਗੱਲਬਾਤ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਦੇ ਫ਼ੈਸਲੇ ਨੂੰ ਲੈ ਕੇ 2 ਏਸ਼ੀਆਈ ਮੁਲਕਾਂ ਵਿਚਕਾਰ ਤਨਾਅ ਹੈ। ਦੋ ਦਿਨ ਦੇ ਭਾਰਤ ਦੌਰੇ ਮਗਰੋਂ ਚੀਨੀ ਰਾਸ਼ਟਰਪਤੀ ਆਪਣੇ ਅਗਲੇ ਪੜਾਅ ਨੇਪਾਲ ਲਈ ਰਵਾਨਾ ਹੋ ਗਏ ਹਨ।
ਇਹ ਵੀ ਪੜੋ- ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਤਾਰੀਖ਼ ਜਾਰੀ, ਪੀਐੱਮ ਮੋਦੀ ਕਰਨਗੇ ਉਦਘਾਟਨ