ਅਹਿਮਦਾਬਾਦ: ਹਿਯੂਸਟਨ 'ਚ ਹੋਏ ਹਾਉਡੀ ਮੋਦੀ ਸਮਾਰੋਹ ਤੋਂ ਬਾਅਦ ਹੁਣ ਦੁਨੀਆ ਦੀ ਨਜ਼ਰ ਵਿਸ਼ਵੀ ਪੱਧਰ ਦੇ 2 ਸ਼ਕਤੀਸਾਲੀ ਦੇਸ਼ਾਂ ਭਾਰਤ ਅਤੇ ਅਮਰੀਕਾ ਦੀ ਦੋਸਤੀ 'ਤੇ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਮੁੜ ਇਕੱਠੇ ਸੋਮਵਾਰ ਨੂੰ ਉਲੀਕੇ ਗਏ ਸਮਾਰੋਹ 'ਨਮਸਤੇ ਟਰੰਪ' 'ਚ ਮੰਚ ਸਾਂਝਾ ਕਰਨ ਜਾ ਰਹੇ ਹਨ।
ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਹਿਲੀ ਪਤਨੀ ਮੇਲਾਨੀਆ ਟਰੰਪ ਨਾਲ ਦੋ ਦਿਨਾਂ ਭਾਰਤ ਦੌਰੇ 'ਤੇ ਆ ਰਹੇ ਹਨ ਜਿਨ੍ਹਾਂ ਲਈ ਅਹਿਮਦਾਬਾਦ 'ਚ ਨਵੇਂ ਬਣੇ 'ਸਰਦਾਰ ਵੱਲਭਭਾਈ ਪਟੇਲ ਸਟੇਡੀਅਮ' 'ਚ ਪ੍ਰੋਗਰਾਮ 'ਨਮਸਤੇ ਟਰੰਪ' ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਰੋਹ 'ਚ ਕਰੀਬ 1.25 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਊਮੀਦ ਜਤਾਈ ਜਾ ਰਹੀ ਹੈ।
ਲੋਕਾਂ ਦੇ ਬੈਠਣ ਤੋਂ ਲੈ ਕੇ ਟਰੰਪ ਦੇ ਸਵਾਗਤ ਤਕ ਦੀਆਂ ਸਾਰੀਆਂ ਤਿਆਰੀਆਂ ਗੁਜਰਾਤ ਸਰਕਾਰ ਵੱਲੋਂ ਆਖ਼ਰੀ ਪੜਾਅ ਤਕ ਪਹੁੰਚ ਚੁੱਕੀਆਂ ਹਨ। ਬੈਠਣ ਦੀ ਵਿਵਸਥਾ ਦੀ ਗੱਲ ਕਰੀਏ ਤਾਂ ਇੱਕ ਲੱਖ ਦਸ ਹਜ਼ਾਰ ਲੋਕਾਂ ਦੇ ਬੈਠਣ ਲਈ ਸਟੇਡੀਅਮ 'ਚ ਪ੍ਰਬੰਧ ਕੀਤਾ ਗਿਆ ਹੈ। ਜਦ ਕਿ ਮੈਦਾਨ ਅੰਦਰ ਦਿੱਗਜ ਵਪਾਰੀਆਂ ਸਣੇ ਕਈ ਵੀਆਈਪੀ ਲੋਕਾਂ ਦੇ ਬੈਠਣ ਲਈ 10,000 ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਮਾਰੋਹ 'ਚ ਸੌ ਦੇ ਕਰੀਬ ਕਲਾਕਾਰ ਕਲਾ ਰਾਹੀਂ ਆਪਣੀ ਸੰਸਕ੍ਰੀਤੀ ਅਤੇ ਸੱਭਿਆਚਾਰ ਨੂੰ ਦਰਸਾਉਣਗੇ ਜਿਸ ਨੂੰ ਪੂਰੀ ਦੁਨੀਆ ਵੇਖੇਗੀ।
'ਨਮਸਤੇ ਟਰੰਪ' ਸਮਾਰੋਹ 'ਹਾਉਡੀ ਮੋਦੀ' ਸਮਾਰੋਹ ਦੀ ਤਰਜ਼ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਦੋਂ ਬੀਤੀ ਸਤੰਬਰ 'ਚ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹਿਯੂਸਟਨ ਵਿਖੇ 50,000 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਮੋਦੀ ਦਾ ਸਵਾਗਤ ਕੀਤਾ ਸੀ। ਉਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਸੀ ਜਿਸ ਨੂੰ ਅਮਰੀਕਾ ਨੇ ਆਪਣੀ ਅੱਖੀਂ ਵੇਖਿਆ ਸੀ।