ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਦੀ ਭਾਰਤ ਦੀ ਯਾਤਰਾ 'ਤੇ ਸੋਮਵਾਰ ਯਾਨੀ ਕਿ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ। ਟਰੰਪ ਦੇ ਦੌਰੇ ਲਈ ਅਹਿਮਦਾਬਾਦ ਵਿੱਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਟਰੰਪ ਦੀ ਇਸ ਫੇਰੀ ਦੇ ਮੱਦੇਨਜ਼ਰ ਅਹਿਮਦਾਬਾਦ ਵਿੱਚ ਸੁਰੱਖਿਆ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ।
ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਅਸ਼ੀਸ਼ ਭਾਟੀਆ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਦੱਸਿਆ ਕਿ ਟਰੰਪ ਦੀ ਰੱਖਿਆ ਲਈ 33 ਡਿਪਟੀ ਕਮਿਸ਼ਨਰ, 75 ਏਸੀਪੀ ਅਤੇ 300 ਪੁਲਿਸ ਇੰਸਪੈਕਟਰ ਤਾਇਨਾਤ ਰਹਿਣਗੇ। ਸੁਰੱਖਿਆ ਵਿਚ ਕੁੱਲ 12 ਹਜ਼ਾਰ ਸਿਪਾਹੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਰੋਡ ਸ਼ੋਅ ਦੌਰਾਨ 2000 ਮਹਿਲਾ ਪੁਲਿਸ ਮੁਲਾਜ਼ਮ ਵੀ ਸੁਰੱਖਿਆ ਵਿੱਚ ਤਾਇਨਾਤ ਰਹਿਣਗੀਆਂ।
ਭਾਟੀਆ ਨੇ ਦੱਸਿਆ ਕਿ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ 100 ਤੋਂ ਵੱਧ ਵਾਹਨਾਂ ਦੀ ਸਹਾਇਤਾ ਨਾਲ ਰੋਡ ਸ਼ੋਅ ਦੇ ਪੂਰੇ ਰਸਤੇ ‘ਤੇ ਅਭਿਆਸ ਵੀ ਕੀਤਾ।
ਸਾਬਰਮਤੀ ਆਸ਼ਰਮ ਅਤੇ ਰਿਵਰਫ੍ਰੰਟ ਦਾ ਵੀ ਕੀਤਾ ਜਾਵੇਗਾ ਦੌਰਾ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਆਪਣੀ ਯਾਤਰਾ ਦੌਰਾਨ ਟਰੰਪ ਆਪਣੀ ਪਤਨੀ ਮੇਲਾਨੀਆ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਾਬਰਮਤੀ ਆਸ਼ਰਮ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ ਉਹ ਸਾਬਰਮਤੀ ਨਦੀ 'ਤੇ ਬਣੇ ਵਿਸ਼ਾਲ ਰਿਵਰਫ੍ਰੰਟ ਦਾ ਵੀ ਦੌਰਾ ਕਰਨਗੇ। ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪੁਲਿਸ ਕਮਿਸ਼ਨਰ ਅਸ਼ੀਸ਼ ਭਾਟੀਆ ਨੇ ਅੱਗੇ ਕਿਹਾ, 'ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 11.30 ਵਜੇ ਅਹਿਮਦਾਬਾਦ ਪਹੁੰਚਣਗੇ। ਇਸ ਤੋਂ ਬਾਅਦ, ਉਹ ਹਵਾਈ ਅੱਡੇ ਤੋਂ ਸਭਿਆਚਾਰਕ ਪ੍ਰੋਗਰਾਮ 'ਤੇ ਜਾਣਗੇ। ਰੋਡ ਸ਼ੋਅ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਮੋਟੇਰਾ ਸਟੇਡੀਅਮ ਦੇ ਰਸਤੇ 'ਤੇ ਯੂਐਸ ਦੇ ਰਾਸ਼ਟਰਪਤੀ ਸਾਬਰਮਤੀ ਆਸ਼ਰਮ ਵਿਖੇ ਰਹਿਣਗੇ।
ਟਰੰਪ ਦਾ ਭਾਰਤ ਦੌਰਾ: 'ਏਅਰਫੋਰਸ ਵਨ' ਅਤੇ 'ਦਿ ਬੀਸਟ' ਬਾਰੇ ਜਾਣਕਾਰੀ
ਟਰੰਪ ਦੇ ਪੱਤਰਕਾਰਾਂ ਨੂੰ ਮਿਲਣ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਅੱਗੇ ਕਿਹਾ, ‘ਨਮਸਤੇ ਟਰੰਪ’ ਪ੍ਰੋਗਰਾਮ ਦੁਪਹਿਰ 3 ਵਜੇ ਮੋਟੇਰਾ ਸਟੇਡੀਅਮ ਵਿੱਚ ਸਮਾਪਤ ਹੋਵੇਗਾ। ਇਸ ਤੋਂ ਬਾਅਦ ਡੋਨਾਲਡ ਟਰੰਪ ਦੁਪਹਿਰ 3.30 ਵਜੇ ਆਗਰਾ ਲਈ ਰਵਾਨਾ ਹੋਣਗੇ।
ਇਸ ਦੇ ਨਾਲ ਆਸ਼ੀਸ਼ ਭਾਟੀਆ ਨੇ ਕਿਹਾ ਕਿ ਕੁਝ ਲੋਕਾਂ ਨੂੰ ਅਣਚਾਹੇ ਕੰਮਾਂ ਵਿੱਚ ਸ਼ਾਮਲ ਹੋਣ ਕਾਰਨ ਸ਼ਨੀਵਾਰ ਰਾਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਦੇ ਨਾਂਅ ਤੇ ਨੰਬਰਾਂ ਦਾ ਖ਼ੁਲਾਸਾ ਨਹੀਂ ਕੀਤਾ ਜਾਵੇਗਾ।