ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਹੀ ਰਾਸ਼ਟਰ ਪਿਤਾ ਕਹਿ ਕੇ ਸੱਦਿਆ ਸੀ। ਆਜ਼ਾਦੀ ਤੋਂ ਬਾਅਦ, ਭਾਰਤ ਦੀ ਸੰਸਦ ਨੇ ਅਧਿਕਾਰਤ ਤੌਰ 'ਤੇ ਇਸਨੂੰ ਮਾਨਤਾ ਦਿੱਤੀ। ਆਮ ਤੌਰ 'ਤੇ, ਅਜਿਹੀ ਉਪਾਧਿ ਕਿਸੇ ਵੀ ਆਜ਼ਾਦ ਮੁਲਕ ਦੇ ਪਹਿਲੇ ਰਾਸ਼ਟਰਪਤੀ ਨੂੰ ਦਿੱਤੀ ਜਾਂਦੀ ਹੈ। ਗਾਂਧੀ ਜੀ ਅਜਿਹੀ ਕੋਈ ਵੀ ਪਦਵੀ ਨਹੀਂ ਰੱਖਦੇ ਸਨ ਤੇ ਬਾਅਦ ਵਿੱਚ ਵੀ ਉਨ੍ਹਾਂ ਕੋਈ ਅਹੁਦਾ ਨਹੀਂ ਲਿਆ।
ਦਰਅਸਲ, ਸੁਭਾਸ਼ ਚੰਦਰ ਬੋਸ ਨੇ ਗਾਂਧੀ ਜੀ ਨੂੰ ਨੇੜਿਉਂ ਵੇਖਿਆ ਸੀ। ਉਨ੍ਹਾਂ ਨੇ ਗਾਂਧੀ ਜੀ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦਾ ਨਿਰਮਾਣ ਕਰਦਿਆਂ ਵੇਖਿਆ ਸੀ।
ਦੱਸ ਦਈਏ, ਕਿਸੇ ਮੁਲਕ ਦਾ ਨਿਰਮਾਣ ਸਿਆਸੀ ਤੇ ਭੂਗੋਲਿਕ ਸਰਹੱਦ ਕਾਰਨ ਹੁੰਦਾ ਹੈ। ਇਸਦੇ ਇਤਿਹਾਸ ਨਾਲੋਂ ਵੱਧ ਮਹੱਤਵਪੂਰਨ ਭਾਵਨਾਤਮਕ ਏਕਤਾ ਹੁੰਦੀ ਹੈ, ਤੇ ਇਹ ਭਾਵਨਾਤਮਕ ਏਕਤਾ ਕੁਝ ਰਾਸ਼ਟਰ ਧਰਮ ਤੇ ਕੁਝ ਭਾਸ਼ਾ ਦੇ ਅਧਾਰ 'ਤੇ ਹਾਸਲ ਕਰਦੇ ਹਨ। ਬੰਗਲਾਦੇਸ਼ ਇਸਦੀ ਇੱਕ ਉਦਾਹਰਣ ਹੈ ਜਦੋਂ ਕਿ ਸਾਂਝਾ ਧਰਮ ਪਾਕਿਸਤਾਨ ਦੀ ਬੁਨਿਆਦ ਦਾ ਅਧਾਰ ਬਣ ਗਿਆ, ਪਰ ਭਾਰਤ ਦੀ ਸਥਿਤੀ ਕੁਝ ਵਖਰੀ ਹੈ।
ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੋਂ ਦੇ ਲੋਕਾਂ ਨੇ ਅੰਗਰੇਜ਼ਾ ਦੀ ਗੁਲਾਮੀ ਖਿਲਾਫ ਅੰਦੋਲਨ ਚਲਾਇਆ। ਭਾਰਤ 'ਚ ਰਾਸ਼ਟਰਵਾਦ ਦੀ ਭਾਵਨਾ ਇਸੇ ਅਧਾਰ 'ਤੇ ਵਿਕਸਿਤ ਹੋਈ। ਦੇਸ਼ ਨੂੰ ਆਜ਼ਾਦੀ ਦਵਾਉਣ ਦਾ ਸੰਕਲਪ ਗਾਂਧੀ ਤੋਂ ਪਹਿਲਾਂ ਵੀ ਕਈ ਨੇਤਾਵਾਂ ਨੇ ਲਿਆ ਸੀ। ਫਿਰ ਸੁਤੰਤਰ ਭਾਰਤ ਦੀ ਸੰਸਦ ਨੇ ਸਿਰਫ਼ ਗਾਂਧੀ ਜੀ ਨੂੰ ਹੀ ਕਿਉਂ ਅਧਿਕਾਰਤ ਤੌਰ 'ਤੇ ਰਾਸ਼ਟਰ ਪਿਤਾ ਐਲਾਨਿਆ?
ਕਿਉਂ ਵਖਰੇ ਸੀ ਗਾਂਧੀ ਜੀ?
ਗਾਂਧੀ ਜੀ ਨੇ ਰਾਸ਼ਟਰਵਾਦ ਨੂੰ ਭਾਂਪਦਿਆਂ ਏਨੀ ਵਿਸ਼ਾਲ ਧਰਤੀ ਦੇ ਵਿਭਿੰਨ ਲੋਕਾਂ ਵਿੱਚ ਭਾਵਨਾਤਮਕ ਏਕਤਾ ਪੈਦਾ ਕਰਨ ਦਾ ਮਾਣ ਪ੍ਰਾਪਤ ਕੀਤਾ ਸੀ। ਉਨ੍ਹਾਂ ਇਹ ਸਭ ਆਮ ਲੋਕਾਂ ਨਾਲ ਇੱਕ ਮਜ਼ਬੂਤ ਭਾਵਨਾਤਮਕ ਸਾਂਝ ਬਣਾ ਕੇ ਕੀਤਾ।
ਸਭ ਤੋਂ ਵੱਖਰੀ ਜੀਵਨ ਜਾਚ
ਜਦੋਂ ਅਹਿਮਦਾਬਾਦ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦਾ ਨਾਮ, ਪਤਾ ਅਤੇ ਕਿੱਤਾ ਪੁੱਛਿਆ ਤਾਂ ਗਾਂਧੀ ਜੀ ਨੇ ਕਿਹਾ ਕਿ ਉਹ ਇੱਕ ਕਿਸਾਨ ਅਤੇ ਜੁਲਾਹੇ ਹਨ। ਇਹ ਕਹਿ ਕੇ, ਉਨ੍ਹਾਂ ਸਾਡੇ ਦੇਸ਼ ਦੇ ਲੱਖਾਂ ਮਿਹਨਤੀ ਕਿਸਾਨਾਂ ਅਤੇ ਜੁਲਾਹਿਆਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾ ਲਈ। ਉਹ ਆਪਣੀ ਸਧਾਰਣ ਜੀਵਨ ਸ਼ੈਲੀ ਕਾਰਨ ਆਮ ਲੋਕਾਂ ਨਾਲ ਸਾਂਝ ਪਾ ਲੈਂਦੇ ਸਨ। ਹੋਰ ਰਈਸ ਪਰਿਵਾਰਾਂ ਦੇ ਰਾਜਨੀਤਿਕ ਨੇਤਾਵਾਂ ਦੇ ਉਲਟ ਗਾਂਧੀ ਜੀ ਨੇ ਖਾਦੀ ਦਾ ਕਪੜਾ ਪਹਿਨਿਆ, ਚਰਖਾ ਕੱਤਿਆ, ਖੇਤੀ ਕੀਤੀ ਅਤੇ ਸਾਬਰਮਤੀ ਤੇ ਸੇਵਾਗਰਾਮ ਆਸ਼ਰਮ ਨੂੰ ਖ਼ੁਦ ਹੀ ਸਾਫ਼ ਕਰਦੇ ਸਨ।
ਭਾਸ਼ਾ 'ਤੇ ਗਾਂਧੀ ਜੀ ਦੀ ਸੋਚ
ਗਾਂਧੀ ਜੀ ਦਾ ਆਮ ਲੋਕਾਂ ਨਾਲ ਸਾਂਝ ਪਾਉਣ ਦਾ ਇਕ ਹੋਰ ਕਾਰਨ ਉਨ੍ਹਾਂ ਦੀ ਸੰਚਾਰ ਦੀ ਭਾਸ਼ਾ ਸੀ। ਬਹੁਤੇ ਰਾਜਨੀਤਿਕ ਨੇਤਾਵਾਂ ਦੇ ਉਲਟ ਜਿਹੜੇ ਹਿੰਦੀ ਜਾਂ ਸੰਸਕ੍ਰਿਤ ਹਿੰਦੀ ਜਾਂ ਹੋਰ ਖੇਤਰੀ ਭਾਸ਼ਾਵਾਂ ਵਿੱਚ ਅਤਿ-ਉੱਚਿਤ ਢੰਗ ਨਾਲ ਬੋਲਦੇ ਸਨ, ਗਾਂਧੀ ਜੀ ਸਰਲ ਹਿੰਦੀ ਜਾਂ ਗੁਜਰਾਤੀ ਵਿੱਚ ਬੋਲਦੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੋਰ ਰਾਜਨੀਤਿਕ ਨੇਤਾ ਵੀ ਉਨ੍ਹਾਂ ਨਾਲ ਮੰਚ ਸਾਂਝਾ ਕਰਦਿਆਂ ਜਨਤਕ ਸਭਾ ਵਿੱਚ ਆਪਣੀ ਮਾਂ ਬੋਲੀ ਵਿੱਚ ਭਾਸ਼ਣ ਦੇਣ। ਗੁਜਰਾਤ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ, ਗਾਂਧੀ ਜੀ ਨੇ ਮੁਹੰਮਦ ਅਲੀ ਜਿਨਾਹ ਨੂੰ ਵੀ ਗੁਜਰਾਤੀ ਵਿੱਚ ਭਾਸ਼ਣ ਦਵਾਇਆ, ਹਾਲਾਂਕਿ ਜਿਨਾਹ ਨੂੰ ਸਿਰਫ ਅੰਗਰੇਜ਼ੀ ਵਿੱਚ ਬੋਲਣ ਦੀ ਆਦਤ ਸੀ। ਇਸੇ ਤਰ੍ਹਾਂ, ਉਨ੍ਹਾਂ ਸੁਰੇਂਦਰ ਨਾਥ ਬੈਨਰਜੀ ਨੂੰ ਬੰਗਾਲ ਦੇ ਇੱਕ ਪਿੰਡ ਵਿੱਚ ਇੱਕ ਜਨਤਕ ਸਭਾ ਵੇਲੇ ਬੰਗਾਲੀ ਵਿੱਚ ਭਾਸ਼ਣ ਦੇਣ ਲਈ ਪ੍ਰੇਰਿਤ ਕੀਤਾ।
ਗਾਂਧੀ ਜੀ ਕਦੀ ਵੀ ਵਿਅੰਗ-ਰਹਿਤ ਨਹੀਂ ਹੋਏ। ਉਹ ਮਹਾਨ ਵਕਤਾ ਨਹੀਂ ਸੀ ਬਲਕਿ ਇੱਕ ਮਹਾਨ ਸੰਵਾਦਕ ਸੀ ਜੋ ਭਾਸ਼ਾ ਨੂੰ ਸਮਝਣ ਲਈ ਅਸਾਨ ਤਰੀਕੇ ਨਾਲ ਬੋਲਦੇ ਸਨ।
ਸੱਤਿਆਗ੍ਰਹਿ ਤੇ ਧਾਰਮਿਕ ਏਕਤਾ
ਗਾਂਧੀ ਨੇ ਸੱਤਿਆਗ੍ਰਹਿ ਅੰਦੋਲਨ 'ਚ ਔਰਤਾਂ ਨੂੰ ਜੋੜਿਆ। ਦੇਸ਼ ਭਰ ਦੀਆਂ ਲੱਖਾਂ ਔਰਤਾਂ ਨੇ ਇਤਿਹਾਸਕ ਲੂਣ ਸੱਤਿਆਗ੍ਰਹਿ, ਵਿਦੇਸ਼ੀ ਕਪੜਿਆਂ ਦਾ ਬਾਈਕਾਟ ਕਰਨ ਦੀ ਲਹਿਰ ਅਤੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ। ਇਨ੍ਹਾਂ ਅਹਿੰਸਕ ਮੁਹਿੰਮਾਂ ਦੌਰਾਨ ਹਜ਼ਾਰਾਂ ਔਰਤਾਂ ਨੇ ਗ੍ਰਿਫਤਾਰੀ ਵੀ ਦਿੱਤੀ।
ਜਿੱਥੇ ਔਰਤਾਂ, ਜੋ ਦੇਸ਼ ਦੀ ਅੱਧੀ ਆਬਾਦੀ ਬਣਦੀਆਂ ਸਨ, ਉਨ੍ਹਾਂ ਨੂੰ ਗਾਂਧੀ ਜੀ ਦੇ ਸੱਤਿਆਗ੍ਰਹਿ ਲਹਿਰ ਵੱਲੋਂ ਲਾਮਬੰਦ ਕੀਤਾ, ਉਥੇ ਹੀ ਉਨ੍ਹਾਂ ਹਿੰਦੂ-ਮੁਸਲਿਮ ਏਕਤਾ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕੀਤੀ। ਇਹ ਹੀ ਕਾਰਨ ਰਿਹਾ ਕਿ 30 ਜਨਵਰੀ, 1948 ਨੂੰ ਇੱਕ ਹਿੰਦੂ ਕੱਟੜਪੰਥੀ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਕੌਮੀ ਏਕਤਾ ਲਈ ਪ੍ਰੇਰਣਾ
ਹਿੰਦੂਆਂ ਵਿੱਚ ਛੂਆ ਛੋਤ ਨੂੰ ਦੂਰ ਕਰਨਾ ਉਨ੍ਹਾਂ ਦਾ ਇੱਕ ਹੋਰ ਉਦੇਸ਼ ਸੀ। ਉਨ੍ਹਾਂ ਇਸ ਉਦੇਸ਼ ਲਈ ਹਰਿਜਨ ਸੇਵਕ ਸੰਘ ਦੀ ਸਥਾਪਨਾ ਕੀਤੀ ਅਤੇ ਆਪਣੇ ਉੱਚ ਜਾਤੀ ਦੇ ਸਹਿਕਰਮੀਆਂ ਨੂੰ ਚਮੜੇ ਦਾ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਿਸ ਤੋਂ ਹੁਣ ਤੱਕ ਉਹ ਲੋਕ ਦੂਰ ਰਹਿੰਦੇ ਸਨ।
ਗਾਂਧੀ ਦੀਆਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਉਦੇਸ਼ ਵੱਖ ਵੱਖ ਪਿਛੋਕੜ, ਧਰਮ, ਜਾਤ, ਭਾਸ਼ਾ ਅਤੇ ਲਿੰਗ ਦੇ ਲੋਕਾਂ ਨੂੰ ਕੌਮੀ ਏਕਤਾ ਅਤੇ ਆਜ਼ਾਦੀ ਸੰਗਰਾਮ ਲਈ ਲਾਮਬੰਦ ਕਰਨਾ ਸੀ।
ਗਾਂਧੀ ਦਾ ਆਚਰਨ ਹੀ ਉਪਦੇਸ਼
ਗਾਂਧੀ ਜੀ ਨੇ ਇਸ ਬਾਰੇ 1915 ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਪਰਤਣ ਮਗਰੋਂ ਚੰਗੀ ਤਰ੍ਹਾਂ ਸੋਚਿਆ ਅਤੇ ਯੋਜਨਾ ਬਣਾਈ ਸੀ। ਰਾਸ਼ਟਰੀ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਤੋਂ ਪਹਿਲਾਂ, ਗਾਂਧੀ ਜੀ ਇੱਕ ਪੂਰਾ ਸਾਲ ਸਾਰੇ ਦੇਸ਼ ਵਿਚ ਘੁੰਮਦੇ ਹੋਏ, ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੇ ਮੱਦੇਨਜ਼ਰ ਆਮ ਲੋਕਾਂ ਅਤੇ ਨੇਤਾਵਾਂ ਨੂੰ ਮਿਲੇ। ਫਿਰ ਉਨ੍ਹਾਂ ਆਪਣੇ ਪ੍ਰਯੋਗਾਂ ਨੂੰ ਸੱਚਾਈ ਨਾਲ ਨਿਭਾਉਣ ਲਈ ਅਹਿਮਦਾਬਾਦ ਵਿੱਚ ਆਪਣਾ ਆਸ਼ਰਮ ਸਥਾਪਤ ਕੀਤਾ। ਉਨ੍ਹਾਂ ਆਸ਼ਰਮ ਵਿੱਚ ਰਹਿਣ ਵਾਲੇ ਸਾਥੀਆਂ ਨੂੰ 11 ਕਸਮਾਂ ਦਵਾਈਆਂ, ਜਿਸ ਵਿੱਚ ਬ੍ਰਹਮਾਚਾਰਿਯਾ ਦੀ ਪਾਲਣਾ ਵੀ ਸ਼ਾਮਲ ਸੀ।
ਗਾਂਧੀ ਜੋ ਕਹਿੰਦੇ ਸੀ, ਉਹੀ ਕਰਦੇ ਸਨ। ਉਹ ਸਭ ਤੋਂ ਪਹਿਲਾਂ ਆਪਣੇ ਉਤੇ ਇਸਦਾ ਪ੍ਰਯੋਗ ਕਰਦੇ ਸਨ। ਇਹੀ ਗੁਣ ਗਾਂਧੀ ਜੀ ਨੂੰ ਦੂਸਰੇ ਰਾਜਨੀਤਿਕ ਨੇਤਾਵਾਂ ਤੋਂ ਵਖਰਾ ਕਰਦਾ ਸੀ ਅਤੇ ਇਸੇ ਗੁਣ ਨੇ ਉਨ੍ਹਾਂ ਨੂੰ ਮਹਾਤਮਾ ਬਣਾ ਦਿੱਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਪਿਤਾ ਦਾ ਅਹੁਦਾ ਦਵਾਇਆ।
(NOTE: ਇਹ ਲੇਖ ਨਚਿਕੇਤ ਦੇਸਾਈ ਦੇ ਨਿਜੀ ਵਿਚਾਰ ਹਨ)