ਨਵੀਂ ਦਿੱਲੀ: ਸਮਾਜਵਾਦੀ ਪਾਰਟੀ(ਸਪਾ) ਦੇ ਸਾਂਸਦ ਆਜ਼ਮ ਖ਼ਾਨ ਨੇ ਕਿਹਾ ਕਿ ਮੁਸਲਮਾਨਾਂ ਦੇ ਕੋਲ 1947 ਦੀ ਵੰਡ ਵੇਲੇ ਪਾਕਿਸਤਾਨ ਜਾਂ ਫਿਰ ਭਾਰਤ ਵਿੱਚ ਹੀ ਰਹਿਣ ਦਾ ਬਦਲ ਸੀ ਪਰ ਉਨ੍ਹਾਂ ਨੇ ਇੱਥੇ ਹੀ ਰਹਿਣ ਨੂੰ ਚੁਣਿਆ, ਇਸ ਲਈ ਮੁਸਲਮਾਨ ਸਭ ਤੋਂ ਵੱਡੇ ਦੇਸ਼ਭਗਤ ਹਨ।
ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨੀਸਤਾਨ ਤੋਂ ਦਸੰਬਰ 2014 ਤੋਂ ਪਹਿਲਾਂ ਭਾਰਤ ਆਏ ਗ਼ੈਰ ਇਸਲਾਮਿਕ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਵਾਲੇ ਬਿੱਲ ਦੇ ਲੋਕ ਸਭਾ ਵਿੱਚ ਪਾਸ ਹੋ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਮ ਖ਼ਾਨ ਨੇ ਇਹ ਬਿਆਨ ਸਾਂਝਾ ਕੀਤਾ।
ਉਨ੍ਹਾਂ ਕਿਹਾ, "ਜੋ ਇੱਥੇ ਰੁਕੇ ਹਨ ਉਹ ਦੂਜਿਆਂ ਦੇ ਮੁਕਾਬਲੇ ਵੱਡੇ ਦੇਸ਼ਭਗਤ ਹਨ। ਜੇ ਦੇਸ਼ਭਗਤੀ ਦੀ ਇਹੀ ਸਜ਼ਾ ਹੈ ਤਾਂ ਮੈਂ ਬੱਸ ਇਹੀ ਕਹਿ ਸਕਦਾ ਹਾਂ ਕਿ ਲੋਕਤੰਤਰ ਵਿੱਚ ਕੇਵਲ ਸਿਰ ਗਿਣੇ ਜਾਂਦੇ ਨੇ ਦਿਮਾਗ਼ ਨਹੀਂ"
ਆਜ਼ਮ ਖ਼ਾਨ ਨੇ ਕਿਹਾ ਕਿ ਇਸ ਬਿੱਲ ਦੀ ਬਹਿਸ ਦੌਰਾਨ ਸਰਕਾਰ ਨੇ ਵਿਰੋਧੀ ਧਿਰ ਨੂੰ ਨਹੀਂ ਸੁਣਿਆ। ਬਿੱਲ ਦਾ ਪਾਸ ਹੋਣਾ ਬੱਸ ਗਿਣਤੀ ਦਾ ਖੇਡ ਹੈ, ਵਿਰੋਧੀ ਧਿਰ ਕੋਲ ਗਿਣਤੀ ਨਹੀਂ ਸੀ। ਸਰਕਾਰ ਨੂੰ ਚਾਹੀਦਾ ਸੀ ਕਿ ਵਿਰੋਧ ਧਿਰ ਕੀ ਕਹਿਣਾ ਚਾਹੁੰਦੀ ਹੈ ਉਹ ਤਾਂ ਸੁਣਿਆ ਜਾਵੇ।
ਜ਼ਿਕਰ ਕਰ ਦਈਏ ਕਿ ਸੋਮਵਾਰ ਦੇਰ ਰਾਤ ਇਹ ਬਿੱਲ 311 ਵੋਟਾਂ ਦੇ ਨਾਲ ਪਾਸ ਹੋ ਗਿਆ ਅਤੇ ਇਸ ਦੇ ਵਿਰੋਧ ਵਿੱਚ 80 ਵੋਟਾਂ ਪਈਆਂ ਹਨ।