ਗੁਨਾ: ਮੱਧ ਪ੍ਰਦੇਸ਼ ਦੇ ਰਘੋਗੜ 'ਚ ਐਤਵਾਰ ਨੂੰ ਇੱਕ ਮਜ਼ਦੂਰ ਜੋੜੇ ਨੂੰ ਕੁਆਰੰਟੀਨ ਕੀਤਾ ਗਿਆ ਅਤੇ ਕਥਿਤ ਤੌਰ' ਤੇ ਸਕੂਲ ਦੇ ਟਾਇਲਟ 'ਚ ਉਨ੍ਹਾਂ ਨੂੰ ਖਾਣਾ ਪਰੋਸਿਆ ਗਿਆ।
ਵਾਇਰਲ ਹੋਈ ਇਸ ਜੋੜੀ ਦੀ ਇੱਕ ਤਸਵੀਰ ਵਿੱਚ ਵਿਅਕਤੀ ਟਾਇਲਟ ਵਿੱਚ ਭੋਜਨ ਦੀ ਪਲੇਟ ਫੜੀ ਵਿਖਾਈ ਦੇ ਰਿਹਾ ਹੈ। ਇਹ ਮਾਮਲਾ ਲੋਕਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੋਡਾਰਾ ਗ੍ਰਾਮ ਪੰਚਾਇਤ ਦੇ ਦੇਵੀਪੁਰਾ ਵਿੱਚ ਮੁੱਖ ਸਕੂਲ ਦੀ ਇਮਾਰਤ 'ਚ ਤਬਦੀਲ ਕਰ ਦਿੱਤਾ ਗਿਆ।
ਗੁਨਾ ਦੇ ਜ਼ਿਲ੍ਹਾ ਕੁਲੈਕਟਰ ਐਸ ਵਿਸ਼ਵਨਾਥ ਨੇ ਕਿਹਾ ਕਿ ਤਸਵੀਰ ਉਦੋਂ ਲਈ ਗਈ ਜਦੋਂ ਇਹ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਟਾਇਲਟ ਵਿੱਚ ਪਹੁੰਚਿਆ ਸੀ ਅਤੇ ਉਸ ਦੀ ਪਤਨੀ ਨੇ ਉੱਥੇ ਉਸ ਨੂੰ ਖਾਣਾ ਦਿੱਤਾ। ਰਘੋਗੜ ਜ਼ਿਲ੍ਹੇ ਦੇ ਅਧਿਕਾਰੀ ਜਿਤੇਂਦਰ ਸਿੰਘ ਧਾਕਰੇ ਨੇ ਕਿਹਾ ਕਿ ਮਜ਼ਦੂਰ ਨੂੰ ਪਖਾਨੇ ਵਿੱਚ ਕੁਆਰੰਟੀਨ ਨਹੀਂ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਸੂਤਰਾਂ ਮੁਤਾਬਕ ਇਸ ਜੋੜੇ ਨੂੰ ਅਸਲ ਵਿੱਚ ਅਧਿਕਾਰੀਆਂ ਦੁਆਰਾ ਟਾਇਲਟ ਵਿੱਚ ਕੁਆਰੰਟੀਨ ਕੀਤਾ ਗਿਆ ਸੀ ਅਤੇ ਇਹ ਮੁੱਦਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਦੀ ਮੁੱਖ ਇਮਾਰਤ ਵਿੱਚ ਤਬਦੀਲ ਕੀਤਾ ਗਿਆ।