ਗਾਜ਼ਿਆਬਾਦ : ਲੌਕਡਾਊਨ ਦੌਰਾਨ ਜਿਥੇ ਇੱਕ ਪਾਸੇ ਦੁੱਖ ਭਰੀ ਕਹਾਣੀਆਂ ਸਾਹਮਣੇ ਆਈਆਂ ਹਨ, ਉਥੇ ਹੀ 30 ਸਾਲਾਂ ਬਾਅਦ ਇੱਕ ਦੂਜੇ ਤੋਂ ਵਿਛੜੇ ਹੋਏ ਮਾਂ-ਪੁੱਤਰ ਦੀ ਕਹਾਣੀ ਵੀ ਸਾਹਮਣੇ ਆਈ ਹੈ।
30 ਸਾਲ ਪਹਿਲਾਂ ਇੱਕ ਪੁੱਤਰ ਆਪਣੀ ਮਾਂ ਕੋਲੋਂ ਵਿਛੜ ਗਿਆ ਸੀ। ਉਸ ਸਮੇਂ ਉਹ ਮਹਿਜ਼ 8 ਸਾਲ ਦਾ ਸੀ। ਹੁਣ ਲੌਕਡਾਊਨ ਦੌਰਾਨ ਲਗਭਗ 30 ਸਾਲਾਂ ਬਾਅਦ ਉਸ ਨੂੰ ਉਸ ਦੀ ਮਾਂ ਵਾਪਸ ਮਿਲ ਗਈ ਹੈ। ਇਸ ਨਾਲ ਮਾਂ-ਪੁੱਤਰ ਦੋਵੇਂ ਬੇਹਦ ਖੁਸ਼ ਹਨ।
ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੀ ਪਾਰਵਤੀ, 30 ਸਾਲ ਪਹਿਲਾਂ ਘਰੇਲੂ ਵਿਵਾਦ ਕਾਰਨ ਘਰ ਛੱਡ ਕੇ ਚੱਲੀ ਗਈ ਸੀ। ਉਸ ਵੇਲੇ ਉਸ ਦਾ ਪੁੱਤਰ ਵਸ਼ਿਸ਼ਟ ਸਿੰਘ 8 ਸਾਲ ਦਾ ਸੀ। ਉਸ ਦਾ ਪੁੱਤਰ ਜਦ ਵੱਡਾ ਹੋਇਆ ਤਾਂ ਉਹ ਨੋਇਡਾ 'ਚ ਨੌਕਰੀ ਕਰਨ ਲੱਗ ਗਿਆ। ਸ਼ਨਿਚਰਵਾਰ ਨੂੰ ਮੋਦੀਨਗਰ ਦੀ ਪੁਲਿਸ ਨੇ ਇੱਕ ਬਜ਼ੁਰਗ ਮਹਿਲਾ ਨੂੰ ਸੜਕ 'ਤੇ ਭੁੱਖੇ-ਪਿਆਸੇ ਤੇ ਲਵਾਰਸ ਹਾਲਤ 'ਚ ਘੁੰਮਦੇ ਹੋਏ ਵੇਖਿਆ। ਪੁਲਿਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪਾਰਵਤੀ ਦੇਵਰੀਆ ਜ਼ਿਲ੍ਹੇ ਦੀ ਵਸਨੀਕ ਹੈ। ਮੋਦੀਨਗਰ ਪੁਲਿਸ ਨੇ ਦੇਵਰੀਆ ਪੁਲਿਸ ਨਾਲ ਸੰਪਰਕ ਕੀਤਾ ਅਤੇ ਮਹਿਲਾ ਦੀ ਪਛਾਣ ਪਾਰਵਤੀ ਵਜੋਂ ਹੋਈ। ਇਸ ਤੋਂ ਬਾਅਦ, ਪਾਰਵਤੀ ਦਾ ਪੁੱਤਰ ਵਸ਼ਿਸ਼ਟ ਸਿੰਘ ਉਨ੍ਹਾਂ ਨੂੰ ਲੈਣ ਗਾਜ਼ੀਆਬਾਦ ਦੇ ਮੋਦੀ ਨਗਰ ਪੁੱਜਾ। ਇਥੇ ਦੋਵੇਂ ਮਾਂ-ਪੁੱਤਰ ਇੱਕ ਦੂਜੇ ਨੂੰ ਮੁੜ 30 ਸਾਲ ਬਾਅਦ ਮਿਲੇ।