ਸੱਸ ਨੇ ਆਪਣੀ ਵਿਧਵਾ ਨੂੰਹ ਦਾ ਕਰਵਾਇਆ ਵਿਆਹ, ਹਰ ਪਾਸੇ ਹੋ ਰਹੀ ਤਾਰੀਫ਼ - Mangaluru
ਮੈਂਗਲੁਰੂ ਦੇ ਸੂਲੀਆ ਤਾਲੁਕ ਦੇ ਕਾਜੇਮੁੱਲੇ ਪਿੰਡ 'ਚ ਇੱਕ ਸੱਸ ਨੇ ਆਪਣੀ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾ ਉਸਨੂੰ ਧੀ ਵਾਂਗ ਘਰੋਂ ਵਿਦਾ ਕੀਤਾ।
ਮੈਂਗਲੁਰੂ: ਜਿੱਥੇ ਸਮਾਜ 'ਚ ਦਾਜ, ਪੈਸਿਆਂ ਲਈ ਧੀਆਂ 'ਤੇ ਅਨੇਕਾਂ ਤਸ਼ੱਦਦ ਕੀਤੇ ਜਾਂਦੇ ਹਨ, ਉੱਥੇ ਹੀ ਅੱਜ ਵੀ ਸਮਾਜ 'ਚ ਕੁਝ ਲੋਕ ਅਜਿਹਾ ਹਨ, ਜੋ ਨੂੰਹਾਂ ਨੂੰ ਧੀਆਂ ਤੋਂ ਵੱਧ ਪਿਆਰ ਤੇ ਸਤਿਕਾਰ ਦਿੰਦੇ ਹਨ। ਅਜਿਹਾ ਹੀ ਮਾਮਲਾ ਕਰਨਾਟਕ ਦੇ ਮੈਂਗਲੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸੱਸ ਨੇ ਆਪਣੀ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾ ਉਸਨੂੰ ਧੀ ਵਾਂਗ ਘਰੋਂ ਵਿਦਾ ਕੀਤਾ।
ਦਰਅਸਲ, ਇਹ ਮਾਮਲਾ ਸੂਲੀਆ ਤਾਲੁਕ ਦੇ ਕਾਜੇਮੁੱਲੇ ਪਿੰਡ ਦਾ ਹੈ। ਜਿੱਥੇ ਕੁੰਨਿਆਅੱਕਾ ਨਾਂਅ ਦੀ ਮਹਿਲਾ ਨੇ ਆਪਣੀ ਸੁਸ਼ੀਲਾ ਨਾਂਅ ਦੀ ਵਿਧਵਾ ਨੂੰਹ ਦੀ ਦੂਜਾ ਵਿਆਹ ਕਰਵਾਇਆ ਹੈ।
ਕੁੰਨਿਆਅੱਕਾ ਦੀ ਹਰ ਪਾਸੇ ਤਾਰੀਫ਼ ਤਾਂ ਹੋ ਹੀ ਰਹੀ ਹੈ। ਉੱਥੇ ਹੀ ਸੁਸ਼ੀਲਾ ਦੇ ਹੌਂਸਲੇ ਨੂੰ ਵੀ ਲੋਕ ਸਲਾਮ ਕਰ ਰਹੇ ਹਨ।
ਦੱਸ ਦਈਏ ਕਿ ਸੂਲੀਆ ਤਾਲੁਕ ਦੇ ਹੀ ਗੋਪਾਲਾਕਾਜੇ ਪਿੰਡ ਨਾਲ ਸਬੰਧ ਰੱਖਣ ਵਾਲੀ ਸੁਸ਼ੀਲਾ ਦਾ ਕੁੰਨਿਆਅੱਕਾ ਦੇ ਮੁੰਡੇ ਮਾਧਵਾ ਨਾਲ ਵਿਆਹ ਹੋਇਆ ਸੀ। ਪਰ, ਵਿਆਹ ਦੇ ਇੱਕ ਸਾਲ ਦੌਰਾਨ ਹੀ ਮਾਧਵਾ ਦੀ ਮੌਤ ਹੋ ਗਈ। ਸੁਸ਼ੀਲਾ ਉਸ ਵਕ਼ਤ ਮਾਂ ਬਣਨ ਵਾਲੀ ਸੀ, ਇਸ ਲਈ ਉਸਨੂੰ ਸਹੁਰੇ ਪਰਿਵਾਰ ਵਲੋਂ ਇੱਕ ਵਾਰ ਪਹਿਲਾਂ ਵੀ ਦੂਜਾ ਵਿਆਹ ਕਰਵਾਉਣ ਲਈ ਕਿਹਾ ਗਿਆ ਸੀ, ਪਰ ਉਸਨੇ ਬੱਚੇ ਦਾ ਭਵਿੱਖ ਵੇਖਦਿਆਂ ਵਿਆਹ ਲਈ ਨਾਂਹ ਕਰ ਦਿੱਤੀ ਸੀ।
ਹੁਣ, ਸੁਸ਼ੀਲਾ ਦੀ ਸੱਸ ਕੁੰਨਿਆਅੱਕਾ ਦੇ ਵਾਰ-ਵਾਰ ਕਹਿਣ ਤੋਂ ਬਾਅਦ ਸੁਸ਼ੀਲਾ ਵਿਆਹ ਲਈ ਰਾਜ਼ੀ ਹੋ ਗਈ ਅਤੇ ਉਸਦਾ ਵਿਆਹ ਜੈਪ੍ਰਕਾਸ਼ ਨਾਂਅ ਦੇ ਵਿਅਕਤੀ ਨਾਲ ਕਰਵਾ ਦਿੱਤਾ ਗਿਆ ਅਤੇ ਖਾਸ ਗੱਲ ਇਹ ਸੀ ਜਿੱਥੇ ਸੁਸ਼ੀਲਾ ਦਾ ਪਹਿਲਾ ਵਿਆਹ ਹੋਇਆ(ਕੋਟਾ ਮੰਦਿਰ), ਉਸੇ ਥਾਂ ਉੱਤੇ ਹੀ ਉਸਦਾ ਦੂਜਾ ਵਿਆਹ ਕਰਵਾਇਆ ਗਿਆ।