ਨਵੀਂ ਦਿੱਲੀ: ਰਾਬਰਟ ਵਾਡਰਾ ਦੇ ਵਿਰੁੱਧ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਆਖਰੀ ਪੜਾਅ 'ਤੇ ਹੈ। ਵਾਡਰਾ ਅੱਜ ਦਿੱਲੀ ਵਿਖੇ ਸਥਿਤ ਈਡੀ ਦਫ਼ਤਰ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨਾਲ ਪਤਨੀ ਪ੍ਰਿੰਅਕਾ ਗਾਂਧੀ ਅਤੇ ਮਾਂ ਵੀ ਮੌਜ਼ੂਦ ਸਨ। ਅਦਾਲਤ ਵੱਲੋਂ ਇਸ ਮਾਮਲੇ ਦਾ ਫੈਸਲਾ 3 ਜੂਨ ਤੱਕ ਸੁਰੱਖਿਤ ਰੱਖਿਆ ਗਿਆ ਹੈ।
ਈਡੀ ਵੱਲੋਂ ਅੱਜ ਵਾਡਰਾ ਕੋਲੋਂ ਇਸ ਮਾਮਲੇ ਵਿੱਚ ਨੌਵੀਂ ਵਾਰ ਪੁੱਛਗਿੱਛ ਕੀਤੀ ਗਈ। ਵਾਡਰਾ ਕੋਲੋਂ ਲੰਡਨ ਅਤੇ ਦਿੱਲੀ ਐਨਸੀਆਰ ,ਬੀਕਾਨੇਰ ਸਮੇਤ ਕਈ ਥਾਵਾਂ ਖ਼ਰੀਦੀ ਗਈ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਈਡੀ ਵੱਲੋਂ ਦਿੱਲੀ ਦੀ ਇੱਕ ਅਦਾਲਤ ਵਿੱਚ ਵਾਡਰਾ ਵੱਲੋਂ ਇਲਾਜ ਕਰਵਾਉਣ ਲਈ ਵਿਦੇਸ਼ ਜਾਣ ਦੀ ਅਰਜ਼ੀ ਨੂੰ ਰੱਦ ਕੀਤੇ ਜਾਣ ਦੀ ਅਪੀਲ ਕੀਤੀ ਗਈ ਸੀ।
ਈਡੀ ਦਫਤਰ ਜਾਣ ਤੋਂ ਪਹਿਲਾ ਰਾਬਰਟ ਵਾਡਰਾ ਨੇ ਫੇਸਬੁੱਕ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿੱਖਿਆ ਕਿ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਨੂੰ 11 ਵਾਰ ਬੁਲਾਇਆ ਜਾ ਚੁੱਕਿਆ ਹੈ। ਹੁਣ ਤੱਕ ਉਨ੍ਹਾਂ ਕੋਲੋਂ ਲਗਭਗ 70 ਘੰਟੇ ਤੱਕ ਪੁੱਛ ਗਿੱਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਮੇਰੇ ਉੱਤੇ ਲਗੇ ਦੋਸ਼ ਗ਼ਲਤ ਸਾਬਿਤ ਨਹੀਂ ਹੋ ਜਾਂਦੇ ਮੈਂ ਜਾਂਚ ਵਿੱਚ ਸਹਿਯੋਗ ਦਿੰਦਾ ਰਹਾਂਗਾ। ਮੈਨੂੰ ਕਾਨੂੰਨ ਉੱਤੇ ਭਰੋਸਾ ਹੈ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਫੋਟੋ ਲਗਾਈ ਹੈ।
ਦੱਸਣਯੋਗ ਹੈ ਕਿ ਈਡੀ ਨੇ ਵਾਡਰਾ ਨੂੰ ਈਡੀ ਦਫਤਰ ਵਿੱਚ ਪੇਸ਼ ਹੋਣ ਲਈ ਸਵੇਰੇ 10 : 30 ਵਜੇ ਦਾ ਸਮਾਂ ਦਿੱਤਾ ਸੀ। ਰਾਬਰਟ ਵਾਡਰਾ ਉੱਤੇ ਲੰਡਨ ਵਿੱਚ 12 , ਬ੍ਰਾਇਨਸਟਨ ਸਕਵਾਯਰ ਵਿੱਚ 19 ਲੱਖ ਪਾਉਂਡ ਦੀ ਜਾਇਦਾਦ ਖਰੀਦਨ ਵਿੱਚ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਲਈ ਗੈਰ ਮਾਨਤਾ ਪ੍ਰਾਪਤ ਸੰਸਥਾਵਾਂ ਸਥਾਪਤ ਕੀਤੇ ਜਾਣ ਦਾ ਦੋਸ਼ ਹੈ।