ਚੰਡੀਗੜ੍ਹ: ਰਾਸ਼ਟਰੀ ਸਵੈਸੇਵਕ ਦੇ ਮੁਖੀ ਮੋਹਨ ਭਾਗਵਤ ਵੱਲੋਂ ਦੁਸ਼ਹਿਰੇ ਮੌਕੇ ਦਿੱਤੇ ਗਏ ਵਿਵਾਦਿਤ ਬਿਆਨ(ਭਾਰਤ ਇੱਕ ਹਿੰਦੂ ਰਾਸ਼ਟਰ) ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ। ਇਸ ਭੁਚਾਲ ਤੋਂ ਪੰਜਾਬ ਕਿਵੇਂ ਵੱਖ ਰਹਿ ਸਕਦਾ ਸੀ। ਇਸ ਬਿਆਨ ਦੀ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਨੇ ਨਿਖ਼ੇਧੀ ਕੀਤੀ ਹੈ।
ਮੁਤਵਾਜ਼ੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਭਾਰਤ ਦੇਸ਼ ਦੀ ਇਹੀ ਖ਼ੂਬਸੁਰਤੀ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ। ਇਸ ਮੁਲਕ ਵਿੱਚ ਕਹਿਣਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਇਹ ਬਹੁਤ ਗ਼ਲਤ ਹੈ। ਜੇ ਅਜਿਹੇ ਬਿਆਨ ਦਿੱਤੇ ਜਾਂਦੇ ਹਨ ਅਤੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਇਹ ਮੁਲਕ ਲਈ ਬੜਾ ਖ਼ਤਰਾ ਹੈ।
ਆਰਐਸਐਸ ਦੇ ਮੁਖੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਵਿੱਚ ਹਲਚਲ ਆ ਗਈ ਹੈ ਕਿਉਂਕਿ ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਇਸ ਬਿਆਨ ਦਾ ਮਤਬਲ ਹੈ ਕਿ ਭਾਰਤ ਵਿੱਚ ਜਿੰਨੇ ਵੀ ਧਰਮਾਂ ਦੇ ਲੋਕ ਰਹਿੰਦੇ ਹਨ ਉਹ ਸਾਰੇ ਹਿੰਦੂ ਹਨ। ਇਸ ਬਿਆਨ ਤੋਂ ਬਾਅਦ ਦੂਜੇ ਧਰਮਾਂ ਦੇ ਲੋਕਾਂ ਵੀ ਪ੍ਰਤੀਕਿਰਿਆ ਵੀ ਸਾਹਮਣੇ ਆਉਣ ਲੱਗ ਗਈਆਂ ਹਨ। ਇਸ ਦੌਰਾਨ ਹੈਦਰਾਬਾਦ ਤੋਂ ਸਾਂਸਦ ਅਸਦੁਦੀਨ ਓਵੈਸੀ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਨਾ ਤਾਂ ਭਾਰਤ ਹਿੰਦੂ ਰਾਸ਼ਟਰ ਸੀ ਅਤੇ ਨਾ ਹੀ ਹੋਵੇਗਾ।
ਬੇਸ਼ੱਕ ਸੰਵਿਧਾਨ ਦੀ ਧਾਰਾ 25(ਏ) ਵਿੱਚ ਦਰਜ ਹੈ ਸਿੱਖ, ਜੈਨੀ ਅਤੇ ਬੋਧੀ ਸਾਰੇ ਹਿੰਦੂ ਹਨ। ਜਦੋਂ ਵੀ ਧਾਰਾ 25(ਏ) ਦੀ ਗੱਲ ਹੋਵੇਗੀ ਤਾਂ ਇਸ ਦਾ ਮਤਲਬ ਹੈ ਕਿ ਹਿੰਦੂ ਧਰਮ ਦੀ ਗੱਲ ਹੋ ਰਹੀ ਹੈ ਪਰ ਇਨ੍ਹਾਂ ਧਰਮਾਂ ਨੇ ਕਦੇ ਆਪਣੇ ਆਪ ਨੂੰ ਹਿੰਦੂ ਨਹੀਂ ਕਿਹਾ।
ਜੇ ਥੋੜਾ ਜਾ ਇਤਿਹਾਸ ਤੇ ਵੀ ਝਾਤ ਮਾਰੀ ਜਾਵੇ ਤਾਂ ਅਕਾਲੀਆਂ ਨੇ ਪੰਜਾਬੀ ਸੂਬਾ ਲੈਣ ਲਈ ਬੜੇ ਧਰਨੇ ਲਾਏ ਸੀ। ਅਕਾਲੀ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਪੰਥ ਦੀ ਪਾਰਟੀ ਦੱਸ ਰਹੀ ਹੈ ਪਰ ਇੱਕ ਪੰਥਕ ਪਾਰਟੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਇਸ ਬਿਆਨ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਤਾਂ ਸਾਰੇ ਜਾਣੂ ਹੀ ਹੋਣਗੇ ਕਿ ਆਰਐਸਐਸ ਅਤੇ ਭਾਰਤੀ ਜਨਤਾ ਪਾਰਟੀ ਦਾ ਕੀ ਰਿਸ਼ਤਾ ਹੈ। ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਕਿ ਅਕਾਲੀ ਦਲ ਨੇ ਕੋਈ ਬਿਆਨ ਨਹੀਂ ਦਿੱਤਾ ਕਿਉਂਕਿ ਅਕਾਲੀ ਪਾਰਟੀ ਦੇ ਮੁਖੀ ਪਰਿਵਾਰ ਕੋਲ ਕੇਂਦਰ ਦੀ ਵਜ਼ੀਰੀ ਹੈ। ਇਸ ਲਈ ਇਹ ਖੁੰਡ ਚਰਚਾ ਹੋ ਰਹੀ ਹੈ ਕਿ ਅਕਾਲੀਆਂ ਨੂੰ ਧਰਮ ਨਾਲ਼ੋ ਵਜ਼ੀਰੀ ਜ਼ਿਆਦਾ ਜ਼ਰੂਰੀ ਹੈ।