ਨਵੀਂ ਦਿੱਲੀ: ਪੁਲਾੜ 'ਚ ਭਾਰਤ ਇੱਕ ਹੋਰ ਇਤਿਹਾਸ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ(ਇਸਰੋ) ਦਾ ਨਵੇਂ ਮਿਸ਼ਨ ਚੰਦਰਯਾਨ-2 ਨੂੰ ਲੈ ਕੇ ਅੱਜ ਬੇਹੱਦ ਖਾਸ ਦਿਨ ਹੈ। ਸੋਮਵਾਰ ਦੁਪਹਿਰ 2 ਵਜਕੇ 43 ਮਿੰਟ 'ਤੇ ਚੰਦਰਯਾਨ-2 ਦੀ ਲਾਂਚਿੰਗ ਹੋਵੇਗੀ। ਦੁਪਹਿਰ 1.30 ਵਜੇ ਹੀ ਸ੍ਰੀਹਰੀਕੋਟਾ ਦੇ ਸਪੇਸ ਸਟੇਸ਼ਨ ਵਿਖੇ ਹਲਚਲ ਵੱਧ ਜਾਵੇਗੀ, ਕਿਉਂਕਿ ਕ੍ਰਾਇਓਜੈਨਿਕ ਇੰਜਨ(Cryogenic rocket engine) 'ਚ ਹੀਲੀਅਮ(He-Helium) ਭਰਨ ਦਾ ਕੰਮ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਜਦੋਂਕਿ ਯਾਨ 'ਚ ਆਕਸੀਡਾਈਜ਼ਰ(N2O4)(L110) ਦੀ ਫਿਲਿੰਗ ਪੂਰੀ ਕਰ ਲਈ ਗਈ ਹੈ।
ਚੰਦਰਯਾਨ-2: ਲਾਂਚਿੰਗ ਤੋਂ ਸਵਾ ਘੰਟਾ ਪਹਿਲਾਂ ਸਪੇਸ ਸਟੇਸ਼ਨ 'ਤੇ ਸ਼ੁਰੂ ਹੋ ਜਾਵੇਗੀ ਹਲਚਲ
ਇਸਰੋ ਅੱਜ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਚੰਦਰਯਾਨ-2 ਲਾਂਚ ਕਰਨ ਜਾ ਰਿਹਾ ਹੈ। ਇਸਦੇ ਲਈ ਸਖ਼ਤ ਸਾਵਧਾਨੀਆਂ ਵਰਤਦੇ ਹੋਏ ਲਗਭਗ ਸਵਾ ਘੰਟਾ ਪਹਿਲਾਂ ਹੀ ਹੀ ਸ੍ਰੀਹਰੀਕੋਟਾ ਦੇ ਸਪੇਸ ਸਟੇਸ਼ਨ ਵਿਖੇ ਹਲਚਲ ਵੱਧ ਜਾਵੇਗੀ।
ਦੱਸ ਦਈਏ ਕਿ 15 ਜੁਲਾਈ ਨੂੰ ਕ੍ਰਾਇਓਜੈਨਿਕ ਇੰਜਨ 'ਚ ਲੀਕੇਜ ਦੇ ਕਾਰਨ ਲਾਂਚਿੰਗ ਰੋਕਣੀ ਪਈ ਸੀ। ਲਾਂਚਿੰਗ ਤੋਂ ਪਹਿਲਾਂ ਚੰਦਰਯਾਨ-2 ਦਾ ਰਿਹਰਸਲ ਵੀ ਕੀਤਾ ਗਿਆ, ਜਿਹੜਾ ਕਿ ਸਫ਼ਲ ਰਿਹਾ ਅਤੇ ਐਤਵਾਰ ਸ਼ਾਮ 6.43 ਤੋਂ ਹੀ ਇਸਦਾ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਗਿਆ।
ਇਸ ਮਿਸ਼ਨ ਨੂੰ ਲੈ ਕੇ ਇਸਰੋ ਚੀਫ਼ ਨੇ ਕਿਹਾ ਕਿ ਮਿਸ਼ਨ ਸਫ਼ਲ ਰਹੇਗਾ ਅਤੇ ਚੰਦਰਮਾ 'ਤੇ ਕਈ ਨਵੀਆਂ ਖੋਜਾਂ ਕਰਨ 'ਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵਾਂਗ ਕੋਈ ਵੀ ਰੁਕਾਵਟ ਨਾ ਆਵੇ ਇਸ ਲਈ ਅਸੀਂ ਇਸ ਵਾਰ ਕਾਫ਼ੀ ਸਾਵਧਾਨੀ ਵਰਤੀ ਹੈ ਤੇ ਇਸ ਵਾਰ ਕਿਸੇ ਤਰ੍ਹਾਂ ਦੀ ਕੋਈ ਵੀ ਤਕਨੀਕੀ ਖਰਾਬੀ ਨਹੀਂ ਆਵੇਗੀ।