ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਗਿਆ ਹੈ। ਇੱਕ ਪਾਸੇ ਸਰਕਾਰ ਲੋਕਾਂ ਨੂੰ ਆਪਣੇ ਘਰ ਵਿੱਚ ਹੀ ਰਹਿਣ ਦੀ ਅਪੀਲ ਕਰ ਰਹੀ ਹੈ ਦੂਜੇ ਪਾਸੇ ਦਿੱਲੀ ਵਿੱਚ ਇਸ ਲੌਕਡਾਊਨ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦਿੱਲੀ ਦੇ ਅਨੰਦ ਵਿਹਾਰ ਬੱਸ ਟਰਮੀਨਲ ਵਿਖੇ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਆਪਣੇ-ਆਪਣੇ ਘਰਾਂ ਨੂੰ ਜਾਣ ਲਈ ਬਸਾਂ ਦੀ ਉਡੀਕ ਕਰ ਰਹੇ ਹਨ।
ਦਰਅਸਲ, ਦੇਸ਼ ਵਿੱਚ ਲੌਕਡਾਊਨ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਅਲਗ-ਅਲਗ ਥਾਵਾਂ ਵਿੱਚ ਕੰਮ ਕਰ ਰਹੇ ਕਈ ਲੋਕ ਆਪਣੇ ਘਰ ਨੂੰ ਪਰਤ ਰਹੇ ਹਨ। ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪੈਦਲ ਬੱਸ ਅੱਡੇ ਵੱਲ ਤੁਰ ਪਏ ਹਨ। ਦਿੱਲੀ ਦੇ ਅਨੰਦ ਵਿਹਾਰ ਬੱਸ ਟਰਮੀਨਲ 'ਤੇ ਲਗਾ ਲੋਕਾਂ ਦਾ ਇਕੱਠ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਨਿਓਤਾ ਦੇ ਰਿਹਾ ਹੈ ਪਰ ਸਰਕਾਰਾਂ ਇਸ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ।
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਕੀਤੇ ਜਾਣ ਦਾ ਫੈਸਲਾ ਫੇਲ੍ਹ ਜਾਪ ਰਿਹਾ ਹੈ। ਹਾਲਾਂਕਿ ਲੌਕਡਾਊਨ ਕਰਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੂਜੇ ਰਾਜਾਂ ਵਿੱਚ ਨੌਕਰੀਪੇਸ਼ਾ ਲੋਕਾਂ ਨੂੰ ਜਿਸ ਜਗ੍ਹਾ ਵਿੱਚ ਕੰਮ ਕਰ ਰਹੇ ਸੀ ਉੱਥੇ ਹੀ ਰਹਿਣ ਦੀ ਅਪੀਲ ਕੀਤੀ ਸੀ। ਪਰ ਉਨ੍ਹਾਂ ਦੇ ਇਸ ਅਪੀਲ ਨੂੰ ਛਿੱਕੇ ਟੰਗਦੇ ਹੋਏ ਵੱਡੀ ਤਦਾਦ 'ਚ ਲੋਕ ਆਪਣੇ ਘਰਾਂ ਨੂੰ ਪੈਦਲ ਹੀ ਨਿਕਲ ਗਏ। ਅਨੰਦ ਵਿਹਾਰ ਬੱਸ ਟਰਮੀਨਲ 'ਤੇ ਅੱਜ ਦੁਪਹਿਰ ਤੋਂ ਹੀ ਘਰ ਜਾਣ ਵਾਲੇ ਲੋਕਾਂ ਦੀ ਭੀੜ ਲੱਗੀ ਰਹੀ। ਪਰ ਲੌਕਡਾਊਨ ਹੋਈ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਰਿਹਾ, ਜਿਸ ਕਾਰਨ ਇਹ ਇਕੱਠ ਹੋ ਗਿਆ।
ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕਰੀਬ 959 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 19 ਦੀ ਮੌਤ ਹੋ ਗਈ ਹੈ। ਇਹ ਅੰਕੜਾ ਹਰ ਦਿਨ ਵਧਦਾ ਜਾ ਰਿਹਾ ਹੈ। ਜੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਵਾਇਰਸ ਨਾਲ ਪੀੜਤ 49 ਮਾਮਲੇ ਸਾਹਮਣੇ ਆ ਚੁੱਕੇ ਹਨ।