ਨਵੀਂ ਦਿੱਲੀ: ਨਿਰਭਯਾ ਸਮੂਹਿਕ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਚਾਰੋਂ ਦੋਸ਼ੀਆਂ ਵਿੱਚੋਂ 1 ਮੁਕੇਸ਼ ਦੀ ਰਹਿਮ ਦੀ ਅਪੀਲ ਅਰਜੀ ਨੂੰ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਤੋਂ ਇਸ ਅਪੀਲ ਨੂੰ ਨਾ-ਮੰਨਜ਼ੂਰ ਕਰਨ ਦੀ ਵੀ ਸਿਫ਼ਾਰਿਸ਼ ਕੀਤੀ ਹੈ। ਉੱਥੇ ਹੀ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਹੱਤਿਆ ਮਾਮਲੇ ਦੇ 4 ਦੋਸ਼ੀਆਂ ਨੂੰ ਵੀਰਵਾਰ ਨੂੰ ਤਿਹਾੜ ਜ਼ੇਲ੍ਹ ਦੀ ਕੋਠੜੀ ਨੰਬਰ 3 ਵਿੱਚ ਭੇਜ ਦਿੱਤਾ ਗਿਆ ਸੀ ਜਿਥੇ ਉਸ ਨੂੰ ਫਾਂਸੀ ਉੱਤੇ ਟੰਗਿਆ ਜਾਣਾ ਹੈ।
ਉੱਕਤ ਮਾਮਲੇ ਵਿੱਚ ਦੋਸ਼ੀ ਵਿਨੇ ਸ਼ਰਮਾ, ਅਕਸ਼ੇ ਕੁਮਾਰ ਸਿੰਘ, ਮੁਕੇਸ਼ ਕੁਮਾਰ ਸਿੰਘ ਅਤੇ ਪਵਨ ਗੁਪਤ ਨੂੰ 22 ਜਨਵਰੀ ਨੂੰ ਫਾਂਸੀ ਦੀ ਸਜ਼ਾ ਤੈਅ ਹੋਈ ਹੈ।
ਹਾਲਾਂਕਿ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਸੀ ਕਿ ਇੱਕ ਦੋਸ਼ੀ ਦੀ ਰਹਿਮ ਦੀ ਅਪੀਲ ਲਟਕੇ ਹੋਣ ਕਾਰਨ ਫ਼ਾਂਸੀ ਦੀ ਸਜ਼ਾ ਨੂੰ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਕਿ ਨਿਰਭਯਾ ਸਮੂਹਿਕ ਬਲਾਤਕਾਰ ਮਾਮਲੇ ਅਤੇ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਵਿੱਚ ਦੇਰੀ ਉੱਤੇ ਵੀਰਵਾਰ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਵਿਰੋਧਾ-ਭਾਵ ਦੇਖਣ ਨੂੰ ਮਿਲਿਆ। ਜਿਥੇ ਭਾਜਪਾ ਨੇ ਫ਼ਾਂਸੀ ਵਿੱਚ ਦੇਰੀ ਨੂੰ ਦਿੱਲੀ ਸਰਕਾਰ ਦੀ ਲਾਪਰਵਾਹੀ ਅਤੇ ਮਿਲੀ ਭੁਗਤ ਦੱਸੀ ਅਤੇ ਉੱਥੇ ਹੀ ਆਪ ਨੇ ਭਾਜਪਾ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਨੂੰਨ ਵਿਵਸਥਾ ਕੇਂਦਰ ਦੇ ਕੋਲ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗ੍ਰਹਿ ਮੰਤਰਾਲੇ ਵੱਲੋਂ ਦੋਸ਼ੀ ਮੁਕੇਸ਼ ਦੀ ਫ਼ਾਂਸੀ ਦੀ ਸਜ਼ਾ ਵਿਰੁੱਧ ਰਹਿਮ ਅਪੀਲ ਦੀ ਅਰਜੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜੀ ਗਈ ਸੀ, ਜਿਸ ਨੂੰ ਅੱਜ ਸਵੇਰੇ ਹੀ ਰਾਸ਼ਟਰਪਤੀ ਨੇ ਨਾ-ਮੰਨਜ਼ਰੂ ਕਰ ਦਿੱਤਾ ਹੈ।