ਨਵੀਂ ਦਿੱਲੀਂ: ਅਨਲੌਕ-4 ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਹਦਾਇਤਾਂ ਅਨੁਸਾਰ 7 ਸਤੰਬਰ ਤੋਂ ਮੈਟਰੋ ਸੇਵਾ ਸ਼ੁਰੂ ਕੀਤੀ ਜਾਵੇਗੀ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ 22 ਮਾਰਚ ਤੋਂ ਬੰਦ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਮੈਟਰੋ ਨੂੰ 7 ਸਤੰਬਰ ਤੋਂ ਲੜੀਵਾਰ ਤਰੀਕੇ ਨਾਲ ਬਹਾਲ ਕਰਨ ਦੀ ਮੰਜ਼ੂਰੀ ਮਿਲ ਗਈ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰਕੇ ਮੈਟਰੋ ਸੇਵਾਵਾਂ ਸ਼ੁਰੂ ਕਰਨ ਨੂੰ ਮੰਜ਼ੂਰੀ ਮਿਲਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਆਪਣੇ ਇੱਕ ਬਿਆਨ 'ਚ ਕਿਹਾ ਕਿ ਅਨਲੌਕ ਦੇ ਚੌਥੇ ਪੜਾਅ ਤਹਿਤ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਦਿੱਲੀ ਮੈਟਰੋ 7 ਸਤੰਬਰ ਤੋਂ ਆਪਣੀ ਸੇਵਾਵਾਂ ਸ਼ੁਰੂ ਕਰੇਗੀ।