ਜੈਪੁਰ:ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਇਕੋ ਪਰਿਵਾਰ ਦੇ 12 ਲੋਕਾਂ ਵੱਲੋਂ ਜ਼ਹਿਰ ਖਾਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਹਿਰ ਖਾਣ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਬੱਚ ਗਿਆ ਹੈ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਜ਼ਿਲ੍ਹੇ ਦੇ ਦੇਚੂ ਥਾਣਾ ਖੇਤਰ ਦੇ ਲੋਹੜਤਾ ਪਿੰਡ ਦੀ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਮਰਨ ਵਾਲਿਆਂ ਵਿੱਚ 2 ਮਰਦ, 4 ਔਰਤਾਂ ਤੇ 5 ਬੱਚੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ।
ਦਰਅਸਲ, ਜ਼ਿਲ੍ਹੇ ਦੇ ਪੇਂਡੂ ਦੇਚੂ ਥਾਣਾ ਖੇਤਰ ਦੇ ਲੋਹੜਤਾ ਪਿੰਡ ਵਿੱਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਜਿਸ ਤੋਂ ਬਾਅਦ ਆਸ-ਪਾਸ ਦੇ ਪਿੰਡ ਵਾਸੀਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ 11 ਲੋਕਾਂ ਦੀਆਂ ਲਾਸ਼ਾਂ ਇੱਕ ਖੇਤ ਵਿੱਚ ਪਈਆਂ ਸਨ ਤੇ ਇੱਕ ਨੌਜਵਾਨ ਜ਼ਖਮੀ ਸੀ। ਪੁਲਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।