ਨਵੀਂ ਦਿੱਲੀ : ਜੰਮੂ-ਹਾਈਵੇ ਬੈਨ ਕੀਤੇ ਜਾਣ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਉੱਤੇ ਕੈਦ ਕੀਤੇ ਜਾਣ ਦੀ ਸਾਜਸ਼ ਦੱਸਿਆ ਹੈ।
ਜੰਮੂ-ਹਾਈਵੇ ਬੈਨ ਕੀਤੇ ਜਾਣ 'ਤੇ ਮਹਿਬੂਬਾ ਦਾ ਰੋਸ ਪ੍ਰਦਸ਼ਨ - Ban
ਜੰਮੂ ਕਸ਼ਮੀਰ ਵਿੱਚ ਹਾਈਵੇ ਉੱਤੇ ਬੈਨ ਲੱਗਣ ਕਾਰਨ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਲਗਾਏ ਗਏ ਇਸ ਬੈਨ ਦੇ ਵਿਰੁੱਧ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਬੇਹਦ ਨਾਰਾਜ਼ ਹਨ। ਕੇਂਦਰੀ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਉਨ੍ਹਾਂ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ ਹੈ।
ਮਹਿਬੂਬਾ ਮੁਫ਼ਤੀ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਸੂਬਾ ਹੈ ਅਤੇ ਇਥੇ ਦੀਆਂ ਸੜਕਾਂ ਵੀ ਸਾਡੀਆਂ ਹਨ । ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਸ਼ਮੀਰੀਆਂ ਨੂੰ ਕੁਚਲਨਾ ਚਾਹੁੰਦੀ ਹੈ ਅਤੇ ਸੂਬੇ ਦੀ ਆਬਾਦੀ ਦੇ ਪੈਟਰਨ ਨੂੰ ਬਦਲਨਾ ਚਾਹੁੰਦੀ ਹੈ। ਕੇਂਦਰ ਸਰਕਾਰ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੀ ਹੀ ਧਰਤੀ ਉੱਤੇ ਕੈਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮੇਰੀ ਲਾਸ਼ ਉੱਤੇ ਹੀ ਹੋਵੇਗਾ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਹੁਕਮ ਉਤੇ ਸੂਬਾ ਸਰਕਾਰ ਨੇ ਉੱਤਰੀ ਕਸ਼ਮੀਰ ਵਿਖੇ ਬਾਰਾਮੂਲਾ ਤੋਂ ਉੱਧਮਪੁਰ ਤੱਕ 271 ਕਿਲੋਮੀਟਰ ਲੰਬੀ ਸੜਕ 'ਤੇ ਨਾਗਰਿਕ ਮੂਵਮੈਂਟ ਉੱਤੇ ਰੋਕ ਲਾ ਦਿੱਤੀ ਹੈ। ਇਹ ਰੋਕ ਐਤਵਾਰ ਅਤੇ ਬੁੱਧਵਾਰ ਵਾਲੇ ਦਿਨ ਲਈ ਲਗਾਈ ਗਈ ਹੈ। ਸੂਬਾ ਸਰਕਾਰ ਵੱਲੋਂ ਇਹ ਰੋਕ ਪੁਲਾਵਮਾ ਹਮਲੇ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਰਾਜਮਾਰਗ 'ਤੇ ਸੁਰੱਖਿਆ ਬਲਾਂ ਦੇ ਕਾਫ਼ਿਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਈ ਗਈ ਹੈ। ਇਸ ਲਈ ਜੰਮੂ ਕਸ਼ਮੀਰ ਰਾਜਮਾਰਗ ਉੱਤੇ ਜਨਤਕ ਆਵਾਜਾਈ ਨੂੰ ਰੋਕਿਆ ਗਿਆ ਹੈ। ਇਸ ਹੁਕਮ ਮੁਤਾਬਕ ਐਤਵਾਰ ਅਤੇ ਬੁੱਧਵਾਰ ਦੇ ਦਿਨ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਸਿਰਫ਼ ਸੁਰੱਖਿਆ ਬਲਾਂ ਦੇ ਕਾਫ਼ਿਲੇ ਹੀ ਇਸ ਰਾਜਮਾਰਗ ਉੱਤੇ ਯਾਤਰਾ ਕਰ ਸਕਣਗੇ।