ਜੰਮੂ: ਅੱਤਵਾਦੀ ਫੰਡਿੰਗ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੀਡੀਪੀ ਆਗੂ ਦੇ ਘਰ ਪੁਲਵਾਮਾ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਨਿਰਾਸ਼ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਮਹਿਬੂਬਾ ਨੇ ਕਿਹਾ ਕਿ ਬੇਟੀ ਇਲਤਿਜਾ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਹੈ। ਮੀਡੀਆ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।
ਗ੍ਰਿਫ਼ਤਾਰ ਪਾਰਟੀ ਆਗੂ ਦੇ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੀ ਸੀ ਮੁਫ਼ਤੀ
ਐੱਨਆਈਏ ਨੇ ਬੀਤੇ ਬੁੱਧਵਾਰ ਨੂੰ ਹੀ ਪੀਡੀਪੀ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਵਾਹਿਦ-ਉਰ-ਰਹਿਮਾਨ ਪਾਰਾ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਅਤੇ ਹਿਜ਼ਬੁਲ ਮੁਜਾਹੁਦੀਨ ਦੇ ਅੱਤਵਾਦੀ ਨਵੀਦ ਬਾਬੂ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਗਈ ਹੈ। ਇਸ 'ਤੇ ਵੀ ਮਹਿਬੂਬਾ ਨੇ ਦਾਅਵਾ ਕੀਤਾ ਹੈ ਕਿ ਪਾਰਾ ਨੂੰ ਜ਼ਿਲ੍ਹਾ ਵਿਕਾਸ ਪ੍ਰਰੀਸ਼ਦ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਫਸਾਇਆ ਜਾ ਰਿਹਾ ਹੈ। ਇਸੇ ਮਾਮਲੇ ਵਿੱਚ ਮਹਿਬੂਬਾ ਸ਼ੁੱਕਰਵਾਰ ਨੂੰ ਪਾਰਾ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਪੁਲਵਾਮਾ ਜਾ ਰਹੀ ਸੀ ਪਰ ਸੁਰੱਖਿਆ ਕਾਰਨਾਂ ਨਾਲ ਪੁਲਿਸ ਨੇ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕ ਦਿੱਤਾ।
ਦੋ ਦਿਨ ਤੋਂ ਘਰ 'ਚ ਨਜ਼ਰਬੰਦ ਰੱਖਣ ਦਾ ਕੀਤਾ ਦਾਅਵਾ
ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਘਰ ਵਿੱਚ ਫਿਰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਘਰ ਤੋਂ ਬਾਹਰ ਪੁਲਿਸ ਦੀ ਤਾਇਨਾਤੀ ਹੋ ਗਈ ਹੈ। ਬੇਟੀ ਇਲਤਿਜਾ ਮੁਫ਼ਤੀ ਵੀ ਨਜ਼ਰਬੰਦ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਭਾਜਪਾ ਦੇ ਮੰਤਰੀਆਂ ਤੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰਨ ਵਾਲਿਆਂ ਨੂੰ ਕਸ਼ਮੀਰ ਵਿੱਚ ਹਰ ਥਾਂ ਜਾਣ ਦੀ ਇਜਾਜ਼ਤ ਦੇ ਰਹੀ ਹੈ ਪਰ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਬੇਟੀ ਇਲਤਿਜਾ ਮੁਫ਼ਤੀ ਨੂੰ ਪਾਰਟੀ ਆਗੂ ਵਾਹਿਦ ਪਾਰਾ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਮਹਿਬੂਬਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦੋ ਦਿਨਾਂ ਤੋਂ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ।