ਸ੍ਰੀਨਗਰ: ਲੰਘੇ ਦਿਨ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਰਤ ਦੀ ਹੋਈ ਹੈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਰਤ ਦੀ ਇਸ ਹਾਰ ਲਈ ਨਵੀਂ ਜਰਸੀ ਨੂੰ ਜਿੰਮੇਵਾਰ ਠਹਿਰਾਇਆ ਹੈ।
ਭਾਰਤ ਦੀ ਹਾਰ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਲਿਖਿਆ, "ਤੁਸੀਂ ਮੈਨੂੰ ਅੰਧ ਵਿਸ਼ਵਾਸੀ ਕਹਿ ਸਕਦੇ ਹੋ, ਪਰ ਇਸ ਜਰਸੀ ਨੇ ਹੀ ਵਿਸ਼ਵ ਕੱਪ 'ਚ ਭਾਰਤ ਦੀ ਜਿੱਤ ਦੇ ਸਿਲਸਿਲੇ ਨੂੰ ਰੋਕ ਦਿੱਤਾ ਹੈ।"
ਦੂਜੇ ਪਾਸੇ ਨੈਸ਼ਨਲ ਕਾਨਫਰੰਸ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਭਾਰਤੀ ਟੀਮ ਦੀ ਹਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਪਾਕਿਸਤਾਨ ਅਤੇ ਇੰਗਲੈਂਡ ਦੀ ਥਾਂ ਜੇ ਸਾਡੀ ਸੈਮੀਫਾਈਨਲ ਦੀ ਟਿਕਟ ਦਾਅ 'ਤੇ ਲੱਗੀ ਹੁੰਦੀ ਤਾਂ ਕੀ ਭਾਰਤੀ ਟੀਮ ਇਸੇ ਤਰ੍ਹਾਂ ਬੱਲੇਬਾਜ਼ੀ ਕਰਦੀ?"
ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਦੀ ਜਰਸੀ ਦਾ ਰੰਗ ਮਿਲਦਾ-ਜੁਲਦਾ ਸੀ ਅਤੇ ਆਈਸੀਸੀ ਦੇ ਨਿਯਮਾਂ ਮੁਤਾਬਕ ਕਿਸੇ ਵੀ ਮੈਚ ਵਿੱਚ, ਜਿਸ ਦਾ ਪ੍ਰਸਾਰਣ ਟੀਵੀ 'ਤੇ ਹੁੰਦਾ ਹੈ, ਉਹ ਟੀਮਾਂ ਇੱਕ ਹੀ ਰੰਗ ਦੀ ਜਰਸੀ ਪਾ ਕੇ ਮੈਦਾਨ 'ਚ ਨਹੀਂ ਉੱਤਰ ਸਕਦੀਆਂ। ਇਹੀ ਕਾਰਨ ਹੈ ਕਿ ਬੀਤੇ ਦਿਨ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਦੀ ਜਰਸੀ ਦਾ ਰੰਗ ਬਦਲ ਦਿੱਤਾ ਗਿਆ।