ਸ੍ਰੀਨਗਰ: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਨੂੰ ਪਬਲਿਕ ਸੇਫ਼ਟੀ ਐਕਟ (ਪੀਐਸਏ) ਦੇ ਤਹਿਤ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਪਬਲਿਕ ਸੇਫਟੀ ਐਕਟ (ਪੀਐਸਏ) ਅਧੀਨ ਉਸ ਦੀ ਨਜ਼ਰਬੰਦੀ ਦਾ ਸਮਾਂ ਖ਼ਤਮ ਹੋਣ ਵਾਲਾ ਸੀ। ਮਹਿਬੂਬਾ ਦੀ ਹਿਰਾਸਤ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾ ਹੀ ਮਹਿਬੂਬਾ ਦੀ ਹਿਰਾਸਤ 3 ਮਹੀਨੇ ਲਈ ਹੋਰ ਵਧਾ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਮਹਿਬੂਬਾ ਮੁਫ਼ਤੀ ਨੂੰ ਉਸ ਦੇ ਘਰ ਨਜ਼ਰਬੰਦੀ ਦਾ ਹੁਕਮ ਭੇਜਿਆ। ਜੰਮੂ-ਕਸ਼ਮੀਰ ਦੀ ਪ੍ਰਮੁੱਖ ਸਕੱਤਰ ਸ਼ਾਲੀਨ ਕਾਬਰਾ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਜੰਮੂ-ਕਸ਼ਮੀਰ ਪਬਲਿਕ ਸੇਫਟੀ ਐਕਟ, 1978 ਦੇ ਤਹਿਤ ਵਧਾਈ ਗਈ ਹੈ।
ਹਿਰਾਸਤ ਵਿੱਚ ਵਾਧਾ ਕਰਨ ਸਬੰਧੀ ਜਾਰੀ ਕੀਤੇ ਪੱਤਰ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਐਸਏ ਐਕਟ, 1978 ਦੀ ਧਾਰਾ 8 ਦੀ ਉਪ-ਧਾਰਾ (1) ਦੀ ਧਾਰਾ 8 (1) (ਏ) (ਏ) ਦੀ ਵਰਤੋਂ ਕੀਤੀ ਹੈ।
ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮੁਫ਼ਤੀ ਜੰਮੂ-ਕਸ਼ਮੀਰ ਵਿੱਚ ਜੂਨ 2018 ਤੱਕ ਸੱਤਾ ਵਿੱਚ ਸੀ। ਉਸ ਨੂੰ ਇਸ ਸਾਲ 5 ਫਰਵਰੀ ਨੂੰ ਉਮਰ ਅਬਦੁੱਲਾ ਦੇ ਨਾਲ ਪੀਐਸਏ ਅਧੀਨ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ ਵਿੱਚ ਉਸ ਦੀ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਮੁਫਤੀ ਨੂੰ ਚਸ਼ਮਾ ਸ਼ਾਹੀ ਵਿਖੇ ਇੱਕ ਸਰਕਾਰੀ ਗੈਸਟ ਹਾਊਸ ਅਤੇ ਲਾਲ ਚੌਕ ਨੇੜੇ ਮੌਲਾਨਾ ਆਜ਼ਾਦ ਰੋਡ 'ਤੇ ਇੱਕ ਬੰਗਲੇ ਵਿੱਚ ਰੱਖਿਆ ਗਿਆ ਸੀ। ਮਹਿਬੂਬਾ ਦੀ ਧੀ ਇਲਤੀਜਾ ਨੇ ਸੁਪਰੀਮ ਕੋਰਟ ਦੇ ਸਾਹਮਣੇ ਆਪਣੀ ਮਾਂ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੰਦਿਆਂ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ।
ਇਸ ਦੌਰਾਨ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅੱਜ ਪੀਪਲਜ਼ ਕਾਨਫ਼ਰੰਸ ਦੇ ਚੇਅਰਮੈਨ ਸੱਜਾਦ ਗਨੀ ਲੋਨ ਨੂੰ ਲਗਭਗ ਇੱਕ ਸਾਲ ਬਾਅਦ ਘਰ ਦੀ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਹੈ। ਅਧਿਕਾਰੀਆਂ ਦੇ ਅਨੁਸਾਰ ਲੋਨ ਨੂੰ ਬਕਰੀਦ ਦੇ ਮੌਕੇ 'ਤੇ ਘਰੇਲੂ ਨਜ਼ਰਬੰਦੀ ਤੋਂ ਮੁਕਤ ਕਰ ਦਿੱਤਾ ਗਿਆ।