ਨਵੀਂ ਦਿੱਲੀ / ਮਾਸਕੋ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਸਰਹੱਦੀ ਟਕਰਾਅ ਬਾਰੇ ਵਿਚਾਰ ਵਟਾਂਦਰੇ ਦੀ ਸੰਭਾਵਨਾ ਹੈ।
ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਮੁੜ ਤੋਂ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਇਹ ਗੱਲਬਾਤ ਕੀਤੀ ਜਾਵੇਗੀ। ਐਸ ਜੈਸ਼ੰਕਰ ਅਤੇ ਵੈਂਗ ਵਿਚਾਲੇ ਦੋ-ਪੱਖੀ ਗੱਲਬਾਤ ਵਿੱਚ ਪੂਰਬੀ ਲੱਦਾਖ 'ਚ ਤਣਾਅ ਘਟਾਉਣ ਲਈ ਕਿਸੇ ਮਹੱਤਵਪੂਰਨ ਸਫਲਤਾ ਨੂੰ ਪ੍ਰਾਪਤ ਕਰਨ 'ਤੇ ਮੁੱਖ ਤੌਰ 'ਤੇ ਧਿਆਨ ਦਿੱਤੇ ਜਾਣ ਦੀ ਉਮੀਦ ਹੈ। ਹਾਲਾਂਕਿ, ਸਪੱਸ਼ਟ ਤੌਰ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ।
ਸੂਤਰਾਂ ਨੇ ਦੱਸਿਆ ਕਿ ਪੂਰਬੀ ਲੱਦਾਖ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਚੀਨੀ 'ਪੀਪਲਜ਼ ਲਿਬਰੇਸ਼ਨ ਆਰਮੀ' (ਪੀਐਲਏ) ਦੇ 30-40 ਫ਼ੌਜੀ ਪੂਰਬੀ ਲੱਦਾਖ ਦੇ ਰੇਜਾਂਗ ਲਾ ਰੀਜਲਾਈਨ ਵਿਖੇ ਇਕ ਭਾਰਤੀ ਚੌਕੀ ਨੇੜੇ ਇਕ ਥਾਂ 'ਤੇ ਜੰਮ ਗਏ ਹਨ।
ਜ਼ਿਕਰਯੋਗ ਹੈ ਕਿ 45 ਸਾਲ ਬਾਅਦ ਚੀਨੀ ਫੌਜ ਨੇ ਉਕਸਾਵੇ ਦੀ ਕਾਰਵਾਈ ਤਹਿਤ ਵਜੋਂ ਐਲਏਸੀ 'ਤੇ ਕਈ ਰਾਊਂਡ ਫਾਇਰ ਕੀਤੇ। ਇਸ ਦੇ ਬਾਵਜੂਦ, ਭਾਰਤੀ ਫ਼ੌਜੀਆਂ ਨੇ ਉਨ੍ਹਾਂ ਦੀਆਂ ਯੋਜਨਾਵਾਂ ਉੱਤੇ ਪਾਣੀ ਫੇਰ ਦਿੱਤਾ। ਚੀਨੀ ਫ਼ੌਜੀ ਡੰਡੇ, ਬਰਛੇ ਤੇ ਭਾਲੇ ਵਰਗੇ ਹਥਿਆਰ ਲੈ ਕੇ ਆਏ ਸਨ।
ਇਹ ਤਾਜ਼ਾ ਘਟਨਾ ਨੂੰ 1975 ਵਿੱਚ ਹੋਈ ਗੋਲੀਬਾਰੀ ਦੀ ਘਟਨਾ ਜਿੰਨਾ ਗੰਭੀਰ ਮੰਨਿਆ ਜਾ ਰਿਹਾ ਹੈ। 1996 ਅਤੇ 2005 ਵਿਚ ਹੋਏ ਸਮਝੌਤੇ ਮੁਤਾਬਕ ਦੋਵੇਂ ਧਿਰਾਂ ਕਿਸੇ ਵੀ ਟਕਰਾਅ ਦੌਰਾਨ ਬੰਦੂਕਾਂ ਦੀ ਵਰਤੋਂ ਨਹੀਂ ਕਰਨਗੀਆਂ। ਫਿਰ ਵੀ ਚੀਨ ਨੇ ਇਸ ਦੀ ਉਲੰਘਣਾ ਕੀਤੀ।
ਬੁੱਧਵਾਰ ਨੂੰ ਪੂਰਬੀ ਲੱਦਾਖ ਵਿੱਚ ਭਾਰਤੀ ਤੇ ਚੀਨੀ ਸੈਨਾ ਦੇ ਕਮਾਂਡਰਾਂ ਨੇ ਮੁਲਾਕਾਤ ਕੀਤੀ। ਉਨ੍ਹਾਂ ਸਰਹੱਦ 'ਤੇ ਤਣਾਅ ਨੂੰ ਹੋਰ ਵਧਣ ਤੋਂ ਰੋਕਣ ਦੇ ਤਰੀਕੇ ਲੱਭਣ ਲਈ 'ਹਾਟਲਾਈਨ' ਉੱਤੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਵੀ ਕੀਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਗੀ ਨੇ ਪਿਛਲੇ ਸ਼ੁੱਕਰਵਾਰ ਨੂੰ ਮਾਸਕੋ ਵਿੱਚ ਐਸਸੀਓ ਦੀ ਬੈਠਕ ਤੋਂ ਬਾਅਦ ਮੁਲਾਕਾਤ ਕੀਤੀ ਪਰ ਇਸ ਵਿਚ ਕੋਈ ਠੋਸ ਨਤੀਜਾ ਨਹੀਂ ਨਿਕਲਿਆ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ੰਘਾਈ ਸਹਿਕਾਰਤਾ ਸੰਗਠਨ ਦੀ ਵਿਦੇਸ਼ ਮੰਤਰੀਆਂ ਦੀ ਕੌਂਸਲ (ਸੀਐਫਐਮ) ਦੀ ਬੈਠਕ ਵਿਚ ਸ਼ਾਮਲ ਹੋਣ ਲਈ ਮਾਸਕੋ ਵਿਚ ਹਨ। ਉਹ ਮੰਤਰੀ ਮੰਡਲ ਦੀ ਬੈਠਕ ਤੋਂ ਇਲਾਵਾ ਹੋਰ ਦੁਵੱਲੀਆਂ ਮੀਟਿੰਗਾਂ ਵਿਚ ਵੀ ਹਿੱਸਾ ਲੈਣਗੇ।
ਮਾਸਕੋ ਵਿੱਚ ਸੀਐਫਐਮ ਦੀ ਬੈਠਕ ਵਿੱਚ ਆਉਣ ਵਾਲੇ ਐਸਸੀਓ ਸੰਮੇਲਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਸੀਐਫਐਮ ਦੀ ਇਹ ਤੀਜੀ ਬੈਠਕ ਹੋਵੇਗੀ ਜਿਸ ਵਿਚ ਭਾਰਤ ਐਸਸੀਓ ਦੇ ਮੈਂਬਰ ਵਜੋਂ ਹਿੱਸਾ ਲਵੇਗਾ।