ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਦਿਨੀਂ ਗ਼ੈਰ ਭਾਜਪਾ ਪਾਰਟੀਆਂ ਨਾਲ ਬੈਠਕਾਂ ਕੀਤੀਆਂ ਤੇ ਹੁਣ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ 15 ਜਨਵਰੀ ਤੋਂ ਬਾਅਦ ਦਿੱਲੀ ਵਿਖੇ ਗ਼ੈਰ ਭਾਜਪਾ ਰਾਜਨੀਤਕ ਪਾਰਟੀਆਂ ਨਾਲ ਇੱਕ ਬੈਠਕ ਹੋਵੇਗੀ ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਹੋਣਗੇ।
ਅਕਾਲੀ ਦਲ ਦੀ ਗ਼ੈਰ ਭਾਜਪਾ ਪਾਰਟੀਆਂ ਬੈਠਕ
ਚੰਦੂਮਾਜਰਾ ਨੇ ਦੱਸਿਆ ਕਿ ਪਹਿਲਾਂ ਇਹ ਬੈਠਕ 7 ਜਨਵਰੀ ਤੋਂ ਬਾਅਦ ਹੋਣੀ ਸੀ ਪਰ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨਾਸਾਜ਼ ਹੋਣ ਕਾਰਨ ਇਸ ਬੈਠਕ ਨੂੰ ਜਨਵਰੀ ਦੇ ਤੀਸਰੇ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਸੰਘੀ ਢਾਂਚੇ 'ਤੇ ਖ਼ਤਰਾ ਅਕਾਲੀ ਦਲ ਕਦੇ ਨਹੀਂ ਕਰੇਗਾ ਬਰਦਾਸ਼ਤ
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਸੰਘੀ ਢਾਂਚੇ ਉੱਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਅਤੇ ਸੂਬਿਆਂ ਦੀਆਂ ਤਾਕਤਾਂ ਨੂੰ ਘਟਾਇਆ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਨੇ ਪੰਜਾਬ ਦੇ ਅਫ਼ਸਰਾਂ ਨੂੰ ਤਲਬ ਕੀਤਾ ਹੈ ਜਦੋਂ ਕਿ ਕੇਰਲਾ ਦੇ ਰਾਜਪਾਲ ਨੇ ਸੈਸ਼ਨ ਬੁਲਾਉਣ ਤੋਂ ਹੀ ਇਨਕਾਰ ਕਰ ਦਿੱਤਾ। ਇਹ ਸਭ ਗੱਲਾਂ ਸੰਵਿਧਾਨ ਦੇ ਖ਼ਿਲਾਫ਼ ਹਨ ਅਤੇ ਸੰਘੀ ਢਾਂਚੇ ਉੱਪਰ ਵੀ ਖ਼ਤਰਾ ਹਨ ਜਿਸ ਨੂੰ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ।
ਕਿਸਾਨਾਂ ਵੱਲੋਂ ਸੰਘਰਸ਼ ਤੇਜ਼
ਕਿਸਾਨਾਂ ਵੱਲੋਂ ਵੀਰਵਾਰ ਨੂੰ ਕੱਢੀ ਗਈ ਟਰੈਕਟਰ ਰੈਲੀ ਬਾਰੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਸਰਕਾਰ ਮਸਲੇ ਦਾ ਹੱਲ ਨਹੀਂ ਕੱਢੇਗੀ ਤਾਂ ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਣਾ ਵਾਜਿਬ ਹੈ।