ਨਵੀਂ ਦਿੱਲੀ: ਨਵੰਬਰ 1984 ਸਿੱਖ ਕਤਲੇਆਮ ਦੇ ਪਹਿਲੇ ਚਾਰ ਦਿਨਾਂ ਨੇ ਦਿੱਲੀ ਨੂੰ ਦਹਿਲਾ ਦਿੱਤਾ ਸੀ। ਸਿੱਖ ਕਤਲੇਆਮ ਦੇ ਨੰਗੇ ਨਾਚ ਤੋਂ ਬਾਅਦ ਬੇਘਰ ਹੋਏ ਲੋਕਾਂ ਨੂੰ ਮੁੜ ਵਸਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਕੰਮ ਲਈ ਬਹੁਤ ਸਾਰੇ ਸਮਾਜ ਸੇਵੀ, ਨਾਗਰਿਕ ਅਤੇ ਸੰਸਥਾਵਾਂ ਅੱਗੇ ਆਈਆਂ। ਅਜਿਹੇ ਹੀ ਵਿਅਕਤੀਆਂ ਵਿਚੋਂ ਇੱਕ ਹਨ ਕੁਲਬੀਰ ਸਿੰਘ ਜੋ ਉਸ ਸਮੇਂ ਸਰਕਾਰੀ ਕਰਮਚਾਰੀ ਸਨ ਪਰ ਆਪਣੇ ਦਫ਼ਤਰ ਤੋਂ ਛੁੱਟੀ ਲੈ ਕੇ ਬੇਘਰ, ਯਤੀਮ ਹੋਏ ਬੱਚਿਆਂ ਅਤੇ ਵਿਧਵਾ ਔਰਤਾਂ ਦੇ ਮੁੜ ਵਸੇਬੇ ਲਈ ਜੁੱਟ ਗਏ। ਕੁਲਬੀਰ ਸਿੰਘ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ ਅਤੇ ਉਸ ਸਮੇਂ ਅਤੇ ਅੱਜ ਦੇ ਹਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ।
ਬੱਚਿਆਂ ਦੀ ਸਿੱਖਿਆ ਨੂੰ ਦਿੱਤੀ ਤਰਜ਼ੀਹ
ਗੱਲਬਾਤ ਦੌਰਾਨ ਕੁਲਬੀਰ ਸਿੰਘ ਨੇ ਨਵੰਬਰ 1984 ਨੂੰ ਚੇਤੇ ਕਰਦਿਆਂ ਦੱਸਿਆ ਕਿ ਕਤਲੇਆਮ ਤੋਂ ਬਾਅਦ ਰਿਲੀਫ਼ ਕੈਂਪ ਲਗਾਏ ਗਏ ਅਤੇ ਉਨ੍ਹਾਂ ਨੇ ਅੱਠ ਸੌ ਦੇ ਕਰੀਬ ਬੱਚਿਆਂ ਨੂੰ ਮੁੜ ਸਕੂਲਾਂ ਵਿੱਚ ਦਾਖ਼ਲ ਕਰਵਾਇਆ। ਇਸੇ ਦੌਰਾਨ ਬੱਚਿਆਂ ਦੀ ਸਕੂਲ ਛੱਡਣ ਦੇ ਸਰਟੀਫਿਕੇਟ ਅਤੇ ਹੋਰ ਕਾਗਜ਼ਾਤ ਲੈਣ ਵਿਚ ਕਈ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਚੁੱਕੇ ਬੱਚਿਆਂ ਨੂੰ ਦੁਬਾਰਾ ਮੁੱਖ ਧਾਰਾ ਦਾ ਹਿੱਸਾ ਬਣਾਉਣ ਦੇ ਯਤਨ ਕੀਤੇ।
ਸਕੂਲੀ ਸਿੱਖਿਆ ਦੇ ਨਾਲ-ਨਾਲ ਹੁਨਰ ਦੀ ਵੀ ਸਿਖਲਾਈ
1984 ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾ ਚੁੱਕੇ ਬੱਚਿਆਂ ਨੂੰ ਉਨ੍ਹਾਂ ਨੇ ਖੇਡਾਂ ਵਿੱਚ ਲਗਾਇਆ ਅਤੇ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਸੰਗੀਤ, ਟਾਈਪਿੰਗ ਅਤੇ ਹੋਰ ਅਜਿਹੇ ਹੁਨਰ ਸਿਖਾਏ, ਜਿਸ ਨਾਲ ਅੱਜ ਉਹ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹਨ ਅਤੇ ਚੰਗੀਆਂ ਥਾਵਾਂ ਤੇ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਨੇ ਨਾ ਸਿਰਫ ਬੱਚੇ ਸਗੋਂ ਆਪਣੇ ਵਰਗੇ ਹੋਰ ਸੂਝਵਾਨ ਨਾਗਿਰਕਾਂ ਨਾਲ ਮਿਲਕੇ ਕਤਲੇਆਮ ਦੌਰਾਨ ਵਿਧਵਾ ਹੋਈਆਂ ਔਰਤਾਂ ਨੂੰ ਵੀ ਐਡਲਟ ਐਜੂਕੇਸ਼ਨ ਪ੍ਰਾਜੈਕਟ ਦਾ ਹਿੱਸਾ ਬਣਾਇਆ, ਜਿਸ ਕਾਰਨ ਅੱਗੇ ਜਾ ਕੇ ਉਨ੍ਹਾਂ ਨੂੰ ਨੌਕਰੀਆਂ ਮਿਲੀਆਂ ਅਤੇ ਉਹ ਸਨਮਾਨਯੋਗ ਅਹੁਦਿਆਂ ਤੋਂ ਸੇਵਾ ਮੁਤਕ ਹੋਈਆਂ।