ਨਵੀਂ ਦਿੱਲੀ: ਯੂਰੋਪੀਅਨ ਯੂਨੀਅਨ ਦੇ 28 ਮੈਂਬਰਾਂ ਦੇ ਵਫ਼ਦ ਨੂੰ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਜਾਣ ਦੀ ਇਜਾਜ਼ਤ ਦਿੱਤੇ ਜਾਣ ਉੱਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਆਪਣੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਕਸ਼ਮੀਰ ਭੇਜਦੀ ਤਾਂ ਵਧੀਆ ਹੁੰਦਾ।
ਕਸ਼ਮੀਰ ਦੌਰੇ ਉੱਤੇ ਆਪਣੇ ਦੇਸ਼ ਦੇ ਸਾਂਸਦਾਂ ਨੂੰ ਭੇਜਦੇ ਤਾਂ ਵਧੀਆ ਹੁੰਦਾ: ਮਾਇਆਵਤੀ ਮਾਇਆਵਤੀ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਲਿਖਿਆ, "ਜੰਮੂ-ਕਸ਼ਮੀਰ ਵਿੱਚ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਉੱਥੋਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੂੰ ਜੰਮੂ-ਕਸ਼ਮੀਰ ਭੇਜਣ ਤੋਂ ਪਹਿਲਾਂ ਭਾਰਤ ਸਰਕਾਰ ਜੇ ਆਪਣੇ ਦੇਸ਼ ਦੇ ਖ਼ਾਸਕਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੰਦੀ ਤਾਂ ਇਹ ਜ਼ਿਆਦਾ ਵਧੀਆ ਹੁੰਦਾ।"
ਯਾਦ ਹੋਵੇ ਤਾਂ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਪਹਿਲੀ ਵਾਰ ਭਾਰਤ ਕਿਸੇ ਵਿਦੇਸ਼ੀ ਦਲ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਦੇ ਰਿਹਾ ਹੈ। ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਯੂਰਪੀਅਨ ਯੂਨੀਅਨ ਸੰਸਦ ਮੈਂਬਰਾਂ ਦਾ ਅਧਿਕਾਰਕ ਦਲ ਨਹੀਂ ਬਲਕਿ ਇਹ ਸੰਸਦ ਮੈਂਬਰ ਨਿੱਜੀ ਤੌਰ ਉੱਤੇ ਕਸ਼ਮੀਰ ਦੌਰੇ ਉੱਤੇ ਜਾਣਗੇ।
ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਵਿਚ ਛੇ ਪੋਲੈਂਡ, ਛੇ ਫਰਾਂਸ, ਪੰਜ ਬ੍ਰਿਟੇਨ, ਚਾਰ ਇਟਲੀ, ਦੋ ਜਰਮਨ ਅਤੇ ਇਕ ਇਕ ਚੇਕ, ਬੈਲਜੀਅਮ, ਸਪੇਨ ਅਤੇ ਸਲੋਵਾਕ ਦੇ ਹਨ।
ਦੱਸ ਦਈਏ ਕਿ ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦੀ ਇਕ ਟੀਮ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਮੁਲਾਕਾਤ ਕੀਤੀ ਸੀ।