ਨਵੀਂ ਦਿੱਲੀ: ਹਾਲ ਹੀ 'ਚ ਸੰਯੁਕਤ ਰਾਸ਼ਟਰ ਨੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੈ। ਭਾਰਤ ਦੇ 10 ਸਾਲ ਦੇ ਦਬਾਅ ਤੋਂ ਬਾਅਦ ਮਸੂਦ 'ਤੇ ਬੈਨ ਸੰਭਵ ਹੋ ਸਕਿਆ ਹੈ। ਹੁਣ ਵਿਸ਼ਵ ਜਗਤ 'ਚ ਅਜਿਹੀ ਚਰਚਾ ਹੈ ਕਿ ਕੀ ਮਸੂਦ ਅਜ਼ਹਰ ਪਾਕਿਤਸਾਨ ਦਾ ਦੂਜਾ ਹਾਫਿਜ਼ ਸਈਦ ਬਣੇਗਾ?
ਸੰਯੁਕਤ ਰਾਸ਼ਟਰ ਨੇ 10 ਸਾਲ ਪਹਿਲਾਂ ਮੁੰਬਈ ਬੰਬ ਧਮਾਕਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਗਲੋਬਲ ਅੱਤਵਾਦੀ ਐਲਾਨਿਆ ਸੀ। ਭਾਰਤ ਦੀ ਅਪੀਲ 'ਤੇ ਕਾਰਵਾਈ ਕਰਦਿਆਂ ਸੰਯੁਕਤ ਰਾਸ਼ਟਰ ਨੇ ਹਾਫਿਜ਼ ਸਈਦ ਨੂੰ ਪ੍ਰਤੀਬੰਧਿਤ ਸੰਗਠਨ ਦੀ ਸੂਚੀ 'ਚ ਪਾਇਆ ਸੀ।
ਸੰਯੁਕਤ ਰਾਸ਼ਟਰ ਵੱਲੋਂ ਬਲੈਕ ਲਿਸਟ ਕੀਤੇ ਜਾਣ ਤੋਂ ਬਾਅਦ ਹਾਫਿਜ਼ ਸਈਦ ਦੇ ਹਾਲਾਤਾਂ 'ਚ ਕੋਈ ਵੱਡੇ ਬਦਲਾਅ ਨਹੀਂ ਆਏ। ਬਲੈਕ ਲਿਟਸ ਕੀਤੇ ਜਾਣ ਤੋਂ ਬਾਅਦ ਹਾਫਿਜ਼ ਦੀ ਜਾਇਦਾਦ ਜ਼ਬਤ ਕਰਨ, ਕਿਤੇ ਆਉਣ-ਜਾਣ 'ਤੇ ਰੋਕ ਅਤੇ ਹਥਿਆਰਾਂ ਨੂੰ ਜ਼ਬਤ ਕੀਤਾ ਜਾਣਾ ਸੀ ਪਰ ਅਜਿਹਾ ਕੁੱਝ ਵੀ ਹੋਣ ਦੀ ਖ਼ਬਰ ਨਹੀਂ ਹੈ।
ਹਰ ਵਾਰ ਪਾਕਿਸਤਾਨ ਸਰਕਾਰ ਅੱਤਵਾਦੀਆਂ 'ਤੇ ਕਾਰਵਾਈ ਕਰਨ ਦਾ ਦਾਅਵਾ ਕਰਦੀ ਹੈ ਪਰ ਹਕੀਕਤ ਕੁੱਝ ਹੋਰ ਹੀ ਨਿਕਲਦੀ ਹੈ। ਅਜਿਹੇ ਕਈ ਅੱਤਵਾਦੀ ਹਨ ਜਿਨ੍ਹਾਂ ਨੂੰ ਪਾਕਿਸਤਾਨ ਨੇ ਆਸਰਾ ਦਿੱਤਾ ਹੈ। ਪਾਬੰਦੀ ਦੇ ਬਾਵਜੂਦ ਅੱਤਵਾਦੀ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ 'ਚ ਸਫ਼ਲ ਹੋਏ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਮਸੂਦ ਅਜ਼ਹਰ ਦੇ ਮਾਮਲੇ 'ਚ ਸਥਿਤੀ ਵੱਖ ਹੋਵੇਗੀ ਜਾ ਨਹੀਂ, ਜਾਂ ਫਿਰ ਮਸੂਦ ਅਜ਼ਹਰ ਪਾਕਿਤਸਾਨ ਦਾ ਦੂਜਾ ਹਾਫਿਜ਼ ਸਈਦ ਬਣੇਗਾ?