ਸ੍ਰੀਨਗਰ: ਅੱਤਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਸਹਾਇਕ ਸਬ ਇੰਸਪੈਕਟਰ ਬਾਬੂ ਰਾਮ ਨੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ (ਐਸਓਜੀ) ਵਿੱਚ 18 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਹ ਅੱਤਵਾਦ ਵਿਰੋਧੀ ਕਈ ਮੁਹਿੰਮਾਂ ਵਿੱਚ ਫਰੰਟ ਮੋਰਚੇ ਉੱਤੇ ਤਾਇਨਾਤ ਰਹੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਸ਼੍ਰੀਨਗਰ ਦੇ ਪਾਂਥਾ ਚੌਕ ਵਿੱਚ ਐਤਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਉਹ ਸ਼ਹੀਦ ਹੋਏ। ਇਸ ਮੁਕਾਬਲੇ ਵਿੱਚ 3 ਅੱਤਵਾਦੀ ਵੀ ਮਾਰੇ ਗਏ ਸਨ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਬੂ ਰਾਮ ਪੁੰਛ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ 30 ਜੁਲਾਈ, 1999 ਨੂੰ ਇੱਕ ਕਾਂਸਟੇਬਲ ਵਜੋਂ ਸੇਵਾ ਸ਼ੁਰੂ ਕੀਤੀ ਅਤੇ ਐਸਓਜੀ ਦੀ ਚੋਣ ਕੀਤੀ। ਉਨ੍ਹਾਂ ਨੂੰ ਸਿਖਲਾਈ ਤੋਂ ਬਾਅਦ 27 ਜੁਲਾਈ 2002 ਨੂੰ ਐਸਓਜੀ ਸ੍ਰੀਨਗਰ ਵਿਖੇ ਤਾਇਨਾਤ ਕੀਤਾ ਗਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਬੂ ਰਾਮ ਕੁਝ ਸਮਾਂ ਪਹਿਲਾਂ ਲਾਲ ਚੌਕ ਵਿੱਚ ਆਮ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵੇਲੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਸਨ, ਪਰ ਠੀਕ ਹੋਣ ਤੋਂ ਬਾਅਦ ਉਹ ਮੁੜ ਨੌਕਰੀ 'ਤੇ ਪਰਤ ਆਏ ਸਨ।
ਅਧਿਕਾਰੀ ਮੁਤਾਬਕ ਸ੍ਰੀਨਗਰ ਵਿੱਚ ਅੱਤਵਾਦ ਵਿਰੋਧੀ ਵੱਖ ਵੱਖ ਕਾਰਜਾਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਮੱਦੇਨਜ਼ਰ ਬਾਬੂ ਰਾਮ ਨੂੰ ਦੋ ਵਾਰ ਸਮੇਂ ਤੋਂ ਪਹਿਲਾਂ ਤਰੱਕੀ ਦਿੱਤੀ ਗਈ ਸੀ।