ਸ੍ਰੀਨਗਰ: ਮਨੋਜ ਸਿਨਹਾ ਨੇ ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ ਵੱਜੋਂ ਸਹੁੰ ਚੁੱਕ ਲਈ ਹੈ। ਦੱਸ ਦਈਏ ਕਿ ਵੀਰਵਾਰ ਸਵੇਰੇ ਰਾਸ਼ਟਰਪਤੀ ਦਫ਼ਤਰ ਵੱਲੋਂ ਮਨੋਜ ਸਿਨਹਾ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ।
ਨਿਯੁਕਤੀ ਤੋਂ ਬਾਅਦ ਉਹ ਵੀਰਵਾਰ ਸ਼ਾਮ ਨੂੰ ਸ੍ਰੀਨਗਰ ਹਵਾਈ ਅੱਡੇ 'ਤੇ ਪੁੱਜੇ। ਏਅਰਪੋਰਟ ਦੇ ਪ੍ਰਬੰਧਕੀ ਅਧਿਕਾਰੀਆਂ ਨੇ ਸਿਨਹਾ ਦਾ ਸਵਾਗਤ ਕੀਤਾ। ਜਾਣਕਾਰੀ ਅਨੁਸਾਰ ਸਿਨਹਾ ਨੂੰ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੀ ਮੁੱਖ ਜੱਜ ਗੀਤਾ ਮਿੱਤਲ ਉਨ੍ਹਾਂ ਨੂੰ ਸਹੁੰ ਦਿਵਾਉਣਗੇ।
ਵਰਨਣਯੋਗ ਹੈ ਕਿ ਮਨੋਜ ਸਿਨਹਾ ਇਸ ਤੋਂ ਪਹਿਲਾਂ ਗਾਜ਼ੀਪੁਰ ਤੋਂ ਸੰਸਦ ਮੈਂਬਰ ਰਹੇ ਹਨ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਚਿਹਰੇ ਮੰਨੇ ਜਾਂਦੇ ਹਨ। ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਪੰਜ ਸਾਲਾਂ ਵਿੱਚ ਮਨੋਜ ਸਿਨਹਾ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਰੇਲਵੇ ਦੇ ਰਾਜ ਮੰਤਰੀ ਅਤੇ ਸੰਚਾਰ ਰਾਜ ਮੰਤਰੀ ਦਾ ਕਾਰਜਭਾਰ ਸੀ।
ਇਸ ਤੋਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸਮੀਰ ਦੇ ਪਹਿਲੇ ਉਪ ਰਾਜਪਾਲ (ਐਲ.ਜੀ.) ਜੀ.ਸੀ. ਮੁਰਮੂ ਨੇ ਬੁੱਧਵਾਰ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮੁਰਮੂ ਦਾ ਅਸਤੀਫ਼ਾ ਅਜਿਹੇ ਦਿਨ ਆਇਆ, ਜਦੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਨਿਯਮਾਂ ਨੂੰ ਖ਼ਤਮ ਕੀਤੇ ਜਾਣ ਦਾ ਇੱਕ ਸਾਲ ਪੂਰਾ ਹੋ ਗਿਆ ਹੈ।