ਸ੍ਰੀਨਗਰ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਗਿਰਿਸ਼ ਚੰਦਰ ਮੁਰਮੂ ਨੇ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉੁਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਹੁਣ ਭਾਜਪਾ ਆਗੂ ਮਨੋਜ ਸਿਨਹਾ ਨੂੰ ਜੰਮੂ ਕਸ਼ਮੀਰ ਦੇ ਨਵੇਂ ਉਪ ਰਾਜਪਾਲ ਵਜੋਂ ਨਿਯੁਕਤ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦਾ ਨਵਾਂ ਉੱਪ ਰਾਜਪਾਲ ਨਿਯੁਕਤ ਹੋਣ 'ਤੇ ਵਧਾਈ ਦਿੱਤੀ ਹੈ।
ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਗਿਰਿਸ਼ ਚੰਦਰ ਮੁਰਮੂ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪ ਦਿੱਤਾ ਸੀ।
ਮੋਦੀ ਸਰਕਾਰ ਨੇ ਪਿਛਲੇ ਸਾਲ 5 ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਬਹੁਤੇ ਪ੍ਰਬੰਧਾਂ ਨੂੰ ਖਤਮ ਕਰਨ ਤੋਂ ਬਾਅਦ ਸੂਬੇ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ ਸੀ। ਇਸ ਤੋਂ ਬਾਅਦ 29 ਅਕਤੂਬਰ ਨੂੰ ਮੁਰਮੂ ਨੂੰ ਉਪ ਰਾਜਪਾਲ ਵਜੋਂ ਨਿਯੁਕਤ ਕੀਤਾ ਗਿਆ ਸੀ।
1985 ਬੈਚ ਦੇ ਗੁਜਰਾਤ ਕੈਡਰ ਦੇ ਆਈਏਐਸ ਅਧਿਕਾਰੀ ਗਿਰਿਸ਼ ਚੰਦਰ ਮੁਰਮੂ ਪੀਐੱਮ ਮੋਦੀ ਦੇ ਨਾਲ ਲੰਮਾ ਸਮਾਂ ਰਹਿ ਚੁੱਕੇ ਹਨ। 2015 ਵਿੱਚ ਈਡੀ ਦੇ ਡਾਇਰੈਕਟਰ ਵੀ ਬਣਾਏ ਗਏ ਸਨ, ਫਿਰ ਉਨ੍ਹਾਂ ਨੇ ਐਕਸਪੈਂਡੀਚਰ ਸੈਕਟਰੀ ਵਜੋਂ ਕੰਮ ਕੀਤਾ ਸੀ।
ਗੁਜਰਾਤ ਕੇਡਰ ਦੇ 60 ਸਾਲਾ ਸਾਬਕਾ ਆਈਏਐਸ ਅਧਿਕਾਰੀ ਨੇ ਪਿਛਲੇ ਸਾਲ 29 ਅਕਤੂਬਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪਹਿਲੇ ਐਲਜੀ ਵਜੋਂ ਅਹੁਦਾ ਸੰਭਾਲਿਆ ਸੀ, ਜਦੋਂ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ, ਤੇ ਦੂਜਾ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਬਣਾਇਆ ਗਿਆ ਸੀ।