ਨਵੀਂ ਦਿੱਲੀ: ਦਿੱਲੀ ਵਿੱਚ ਮਾਸਕ ਤੋਂ ਬਿਨਾਂ ਸਫ਼ਰ ਕਰਨਾ ਹੁਣ ਕਾਫ਼ੀ ਮਹਿੰਗਾ ਪੈ ਸਕਦਾ ਹੈ। ਦਿੱਲੀ ਸਰਕਾਰ ਨੇ ਮਾਸਕ ਨਹੀਂ ਪਾਉਣ ਵਾਲੇ ਲੋਕਾਂ ਲਈ ਜ਼ੁਰਮਾਨੇ ਦੀ ਰਕਮ ਵਿਚ 4 ਗੁਣਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਤੱਕ ਮਾਸਕ ਨਾ ਪਹਿਨਣ 'ਤੇ 500 ਰੁਪਏ ਦਾ ਜ਼ੁਰਮਾਨਾ ਸੀ, ਪਰ ਹੁਣ ਇਸ ਨੂੰ ਵਧਾ ਕੇ 2000 ਰੁਪਏ ਕਰਨ ਦਾ ਸਖ਼ਤ ਫ਼ੈਸਲਾ ਲਿਆ ਗਿਆ ਹੈ। ਦਿੱਲੀ ਸਰਕਾਰ ਦੇ ਅਨੁਸਾਰ ਇਸ ਫ਼ੈਸਲੇ ਨੂੰ ਵੀਰਵਾਰ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ।
ਇਹ ਜੁਰਮਾਨਾ ਉਨ੍ਹਾਂ ਵਿਅਕਤੀਆਂ ਉੱਤੇ ਲਗਾਇਆ ਜਾਵੇਗਾ ਜੋ ਬਿਨਾਂ ਮਾਸਕ ਘਰੋਂ ਬਾਹਰ ਨਿੱਕਲਦੇ ਹਨ। ਦੂਜੇ ਪਾਸੇ, ਦਿੱਲੀ ਸਰਕਾਰ ਨੇ ਵੀ ਦਿੱਲੀ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਲੋੜਵੰਦ ਵਿਅਕਤੀਆਂ ਨੂੰ ਮਾਸਕ ਵੰਡਣ ਦੀ ਬੇਨਤੀ ਕੀਤੀ ਹੈ। ਦਿੱਲੀ ਸਰਕਾਰ ਦੇ ਅਨੁਸਾਰ, ਇਸ ਕਾਰਵਾਈ ਦਾ ਉਦੇਸ਼ ਮਹਜ਼ ਜੁਰਮਾਨਾ ਲਗਾਉਣਾ ਹੈ, ਸੱਗੋਂ ਸਰਕਾਰ ਦਿੱਲੀ ਦੇ ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨਾ ਚਾਹੁੰਦੀ ਹੈ। ਇਸ ਲਈ ਜਿੱਥੇ ਮਾਸਕ ਨਾ ਪਾਉਣ ਵਾਲੇ ਨੂੰ 2000 ਦਾ ਜ਼ੁਰਮਾਨਾ ਲਾਇਆ ਜਾ ਰਿਹਾ ਹੈ ਉੱਥੇ ਹੀ ਵੱਡੇ ਪੱਧਰ ਤੇ ਦਿੱਲੀ ਚ ਮਾਸਕ ਵੀ ਵੰਡੇ ਜਾਣਗੇ।