ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਕ ਪਿਕਅਪ ਦੇ ਨਦੀ ਵਿੱਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਪਿਕਅਪ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਿਮਾਚਲ 'ਚ ਵੱਡਾ ਸੜਕ ਹਾਦਸਾ: ਨਦੀ 'ਚ ਪਿਕਅਪ ਗੱਡੀ ਦੇ ਡਿੱਗਣ ਕਾਰਨ 7 ਦੀ ਮੌਤ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਮੰਡੀ ਨੇੜੇ ਪੁਲਘਰਾਟ ਖੇਤਰ 'ਚ ਸੁਕੇਤ ਨਦੀ 'ਚ ਇੱਕ ਪਿਕਅਪ ਡਿੱਗਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਕਰੀਬ 3 ਵਜੇ ਵਾਪਰਿਆ। ਇਸ ਹਾਦਸੇ ਵਿੱਚ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਟਵੀਟ ਕਰਦੇ ਹੋਏ ਦੁੱਖ ਜ਼ਾਹਿਰ ਕੀਤਾ ਹੈ। ਟਵੀਟ 'ਚ ਉਨ੍ਹਾਂ ਲਿਖਿਆ, “ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਸੜਕ ਹਾਦਸੇ ਦੀ ਖ਼ਬਰ ਬਹੁਤ ਦੁੱਖ ਦੇਣ ਵਾਲੀ ਹੈ। ਸਰਕਾਰ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਇਸ ਹਾਦਸੇ ਵਿੱਚ ਮੈਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’’
ਡਰਾਈਵਰ ਟੈਂਟ ਹਾਊਸ ਦੇ ਠੇਕੇਦਾਰ ਦਾ ਕਰਮਚਾਰੀ ਦੱਸਿਆ ਦਾ ਰਿਹਾ ਹੈ। ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਬਿਹਾਰ ਦੇ ਮਜ਼ਦੂਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਸਦਰ ਥਾਣਾ ਇੰਚਾਰਜ ਵਿਨੋਦ ਕੁਮਾਰ ਠਾਕੁਰ ਪੂਰੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਨਦੀ ਵਿੱਚ ਡਿੱਗੀ ਗੱਡੀ ਵਿੱਚੋਂ ਲਾਸ਼ਾਂ ਬਾਹਰ ਕੱਢਿਆ।
ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਸਦੀ ਹਾਲਤ ਹੁਣ ਪਹਿਲੇ ਨਾਲੋਂ ਠੀਕ ਦੱਸੀ ਜਾ ਰਹੀ ਹੈ। ਵਿਨੋਦ ਕੁਮਾਰ ਨੇ ਦੱਸਿਆ ਕਿ ਪਿਕਅਪ ਬੇਕਾਬੂ ਹੋ ਕੇ ਰੇਲਿੰਗ ਤੋੜਦਿਆਂ ਹੇਠਾਂ ਡਿੱਗ ਗਈ, ਜਿਸ ਕਾਰਨ ਪਿੱਛੇ ਬੈਠੇ ਸਾਰੇ 7 ਵਿਅਕਤੀਆਂ ਦੀ ਮੌਤ ਹੋ ਗਈ। ਸਾਰੀਆਂ ਲਾਸ਼ਾਂ ਨੂੰ ਜ਼ੋਨਲ ਹਸਪਤਾਲ ਦੇ ਵਿੱਚ ਪੋਸਟ ਮਾਰਟਮ ਹਾਊਸ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।