ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕਈ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ ਹਨ। ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਪ੍ਰਕਿਰਿਆ ਉੱਤੇ ਸਵਾਲ ਖੜੇ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਕੇਸ ਵਿੱਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਐਡਵੋਕੇਟ ਵਿਕਾਸ ਸਿੰਘ, ਸੁਸ਼ਾਂਤ ਦੇ ਪਰਿਵਾਰ ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਸੀਬੀਆਈ ਜਾਂਚ ਦੀ ਰਿਪੋਰਟ ਵਿੱਚ ਦੇਰੀ ਬਾਰੇ ਸਵਾਲ ਕੀਤਾ।
ਤਾਜ਼ਾ ਘਟਨਾਕ੍ਰਮ ਵਿੱਚ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਰਿਪੋਰਟ ਬਾਰੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਹੈ ਕਿ ਮੁੰਬਈ ਪੁਲਿਸ ਇਸ ਮਾਮਲੇ ਦੀ ਪੇਸ਼ੇਵਰ ਜਾਂਚ ਕਰ ਰਹੀ ਸੀ ਪਰ ਅਚਾਨਕ ਹੀ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸੀਬੀਆਈ ਦੀ ਜਾਂਚ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਸੋਮਵਾਰ ਨੂੰ ਦੇਸ਼ਮੁਖ ਨੇ ਕਿਹਾ, "ਲੋਕ ਪੁੱਛਦੇ ਹਨ ਕਿ ਸੁਸ਼ਾਂਤ ਨੇ ਆਤਮ ਹੱਤਿਆ ਕੀਤੀ ਸੀ ਜਾਂ ਕਤਲ ਕੀਤਾ ਗਿਆ ਸੀ।" ਉਨ੍ਹਾਂ ਕਿਹਾ ਕਿ ਅਸੀਂ ਸੱਚਾਈ ਜਾਣਨ ਲਈ ਸੀਬੀਆਈ ਦੀ ਜਾਂਚ ਰਿਪੋਰਟ ਦਾ ਵੀ ਇੰਤਜ਼ਾਰ ਕਰ ਰਹੇ ਹਾਂ।
ਦੱਸ ਦਈਏ ਕਿ ਸੁਸ਼ਾਂਤ ਦੀ ਮੌਤ ਦੀ ਜਾਂਚ ਦੌਰਾਨ ਡ੍ਰਗਜ਼ ਐਂਗਲ ਵੀ ਸਾਹਮਣੇ ਆਇਆ, ਜਿਸ ‘ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੱਖਰੀ ਕਾਰਵਾਈ ਕਰ ਰਿਹਾ ਹੈ। ਐਨਸੀਬੀ ਦੀ ਜਾਂਚ ਦਾ ਘੇਰਾ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਐਨਸੀਬੀ ਨੇ ਨਸ਼ਿਆਂ ਦੇ ਸਬੰਧ ਵਿੱਚ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਸ਼ਹੂਰ ਅਦਾਕਾਰਾਂ - ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਰਕੂਲ ਪ੍ਰੀਤ ਸਿੰਘ ਅਤੇ ਡਿਜ਼ਾਈਨਰ ਸਿਮੋਨ ਖੰਬਾਟਾ ਵਰਗੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।