ਮਹਾਰਾਸ਼ਟਰ: ਸੋਮਵਾਰ ਨੂੰ ਸ਼ਿਵ ਸੈਨਾ-ਕਾਂਗਰਸ ਅਤੇ ਐਨਸੀਪੀ ਦੀ ਗੱਠਜੋੜ ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਕਾਂਗਰਸ, ਐਨਸੀਪੀ ਅਤੇ ਸ਼ਿਵ ਸੈਨਾ ਦੇ ਖਾਤੇ ਵਿਚੋਂ ਕੁਲ 36 ਨੇਤਾਵਾਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ। ਐਨਸੀਪੀ ਦੇ ਅਜੀਤ ਪਵਾਰ ਇੱਕ ਵਾਰ ਮੁੜ ਰਾਜ ਦੇ ਉਪ ਮੁੱਖ ਮੰਤਰੀ ਬਣੇ, ਪਹਿਲੀ ਵਾਰ ਆਦਿਤਿਆ ਠਾਕਰੇ ਨੇ ਵੀ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ। ਸੋਮਵਾਰ ਨੂੰ ਕੁੱਲ 25 ਕੈਬਨਿਟ ਮੰਤਰੀਆਂ, 10 ਰਾਜ ਮੰਤਰੀਆਂ ਅਤੇ ਇੱਕ ਉਪ ਮੁੱਖ ਮੰਤਰੀ ਨੇ ਸਹੁੰ ਚੁੱਕੀ।
ਜੇ ਗੱਲ ਕਰੀਏ ਊਧਵ ਠਾਕਰੇ ਦੀ ਤਾਂ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਹਨ ਅਤੇ ਅੱਜ ਉਨ੍ਹਾਂ ਦੇ ਮੁੰਡੇ ਆਦਿੱਤਿਆ ਠਾਕਰੇ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਨੇ ਠਾਕਰੇ ਪਰਿਵਾਰ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਊਧਵ ਠਾਕਰੇ ਕੋਈ ਵੀ ਅਹੁਦਾ ਸੰਭਾਲਣ ਵਾਲੇ ਠਾਕਰੇ ਪਰਿਵਾਰ ਦੇ ਪਹਿਲੇ ਮੈਂਬਰ ਸਨ, ਜਦੋਂਕਿ ਆਦਿਤਿਆ ਠਾਕਰੇ ਚੋਣ ਲੜਨ ਵਾਲੇ ਪਰਿਵਾਰ ਦੇ ਪਹਿਲੇ ਮੈਂਬਰ ਸਨ। ਦੂਜੇ ਪਾਸੇ ਭਾਜਪਾ ਨੇ ਮੰਤਰੀ ਮੰਡਲ ਦੇ ਵਿਸਥਾਰ ਲਈ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ। ਪਾਰਟੀ ਦਾ ਇੱਕ ਵੀ ਮੈਂਬਰ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ।