ਮੁੰਬਈ: ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਸੂਬੇ ਦਾ ਰਾਜ ਭਵਨ ਵੀ ਇਸ ਦੀ ਚਪੇਟ ਵਿੱਚ ਆ ਗਿਆ ਹੈ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਰਾਜ ਭਵਨ ਦੇ 18 ਕਰਮਚਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਕੋਰੋਨਾ ਪੌਜ਼ੀਟਿਵ ਪਾਏ ਜਾਣ ਵਾਲੇ ਲੋਕਾਂ ਵਿੱਚ ਰਾਜਪਾਲ ਦੇ ਨੇੜੇ ਕੰਮ ਕਰਨ ਵਾਲੇ ਲੋਕ ਵੀ ਸ਼ਾਮਲ ਹਨ। ਰਾਜ ਭਵਨ ਵਿੱਚ ਕੋਰੋਨਾ ਦੀ ਲਾਗ ਦੀ ਸਥਿਤੀ ਦੇ ਮੱਦੇਨਜ਼ਰ ਰਾਜਪਾਲ ਭਗਤ ਸਿੰਘ ਕੋਸ਼ੀਅਰੀ ਸੈਲਫ-ਆਈਸੋਲੇਸ਼ਨ ਵਿੱਚ ਚਲੇ ਗਏ ਹਨ। ਦੱਸ ਦਈਏ ਕਿ ਹੁਣ ਤੱਕ ਰਾਜ ਭਵਨ ਦੇ 100 ਲੋਕਾਂ ਦਾ ਕੋਵਿਡ ਟੈਸਟ ਹੋ ਚੁੱਕਾ ਹੈ।
ਦੱਸ ਦਈਏ ਕਿ ਸ਼ਨੀਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 77 ਸਾਲਾ ਅਦਾਕਾਰ ਦੀ ਸਿਹਤ ਸਥਿਰ ਹੈ ਅਤੇ ਉਨ੍ਹਾਂ ਵਿੱਚ ਕੋਰੋਨਾ ਦੇ ਬਹੁਤ ਘੱਟ ਲੱਛਣ ਹਨ। ਉਨ੍ਹਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।