ਔਰੰਗਾਬਾਦ : ਮਹਾਂਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸਥਿਤ ਗੁਰਦੁਆਰਾ ਲੰਗਰ ਸਾਹਿਬ ਵਿਖੇ ਰਹਿ ਰਹੇ 20 ਲੋਕਾਂ ਨੂੰ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ।
ਸਿਵਲ ਸਰਜਨ ਡਾਕਟਰ ਨੀਲਕੰਠ ਭੌਸੀਕਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ 97 ਲੋਕਾਂ ਦੇ ਸੈਂਪਲ ਲਏ ਗਏ ਸਨ। ਜਿੰਨ੍ਹਾਂ ਵਿੱਚੋਂ 20 ਲੋਕਾਂ ਨੂੰ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉੱਕਤ 20 ਮਰੀਜ਼ਾਂ ਨੂੰ ਐੱਨ.ਆਰ.ਆਈ ਸਰਾਂ ਵਿਖੇ ਬਣੇ ਕੋਰੋਨਾ ਕੇਅਰ ਸੈਂਟਰ ਵਿਖੇ ਇਲਾਜ ਲਈ ਰੱਖਿਆ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉੱਕਤ 97 ਲੋਕਾਂ ਦੇ ਸੈਂਪਲ 30 ਅਪ੍ਰੈਲ ਅਤੇ 1 ਮਈ ਨੂੰ ਲਏ ਗਏ ਸਨ।
ਉੱਕਤ 97 ਲੋਕਾਂ ਵਿੱਚੋਂ 25 ਲੋਕਾਂ ਦੀ ਰਿਪੋਰਟ ਨੈਗੀਟਿਵ ਆਈ ਹੈ, ਜਦਕਿ 41 ਦੀ ਰਿਪੋਰਟ ਹਾਲੇ ਬਾਕੀ ਹੈ। 11 ਲੋਕਾਂ ਬਾਰੇ ਕਹਿਣਾ ਮੁਸ਼ਕਿਲ ਹੈ।
ਸ਼ੁੱਕਰਵਾਰ ਨੂੰ ਪੰਜਾਬ ਤੋਂ ਆਏ ਸ਼ਰਧਾਲੂਆਂ ਨੂੰ ਘਰਾਂ ਨੂੰ ਵਾਪਸ ਮੋੜਣ ਤੋਂ ਬਾਅਦ ਗੁਰਦੁਆਰਾ ਲੰਗਰ ਸਾਹਿਬ ਨੂੰ ਆਮ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਸ਼ਰਧਾਲੂ ਗੁਰੂਘਰ ਵਿੱਚ ਰਹਿ ਰਹੇ ਸਨ ਅਤੇ ਇੰਨ੍ਹਾਂ ਵਿੱਚੋਂ ਕਈ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਗੁਰਦੁਆਰਾ ਹਜ਼ੂਰ ਸਾਹਿਬ ਦੇ ਆਲੇ-ਦੁਆਲੇ ਨੂੰ ਲੋਕਲ ਅਥਾਰਿਟੀ ਵੱਲੋਂ ਸੀਲ੍ਹ ਕਰ ਦਿੱਤਾ ਗਿਆ ਹੈ।
ਹਜ਼ੂਰ ਸਾਹਿਬ ਨੂੰ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਵੱਜੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਸਿੱਖਾਂ ਦਾ ਇੱਕ ਧਾਰਮਿਕ ਸਥਾਨ ਹੈ।