ਭੋਪਾਲ: ਕਮਲਨਾਥ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾਪ ਰਹੀਆਂ ਹਨ ਕਿਉਂਕਿ ਕਾਂਗਰਸ ਦੇ ਇੱਕ ਵਿਧਾਇਕ ਹਰਦੀਪ ਸਿੰਘ ਡੰਗ ਨੇ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਕਮਲ ਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਪੱਤਰ ਨਹੀਂ ਮਿਲਿਆ ਹੈ।
ਹਰਦੀਪ ਡੰਗ ਨੇ ਪੱਤਰ ਵਿੱਚ ਲਿਖਿਆ ਕਿ ਦੂਜੀ ਵਾਰ ਲੋਕਾਂ ਤੋਂ ਜਨਾਦੇਸ਼ ਮਿਲਣ ਦੇ ਬਾਵਜੂਦ ਪਾਰਟੀ ਵੱਲੋਂ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਕੋਈ ਵੀ ਮੰਤਰੀ ਕੰਮ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਉਹ ਇੱਕ ਭ੍ਰਿਸ਼ਟ ਸਰਕਾਰ ਦਾ ਹਿੱਸਾ ਹਨ।
ਡੰਗ ਦੇ ਇਸ ਅਸਤੀਫ਼ੇ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫ਼ੇ ਦੀ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਕੋਈ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡੰਗ ਨੂੰ ਮਿਲੇ ਬਿਨਾਂ ਇਸ ਮੁੱਦੇ ਤੇ ਕੋਈ ਟਿੱਪਣੀ ਕਰਨੀ ਸਹੀ ਨਹੀਂ ਹੋਵੇਗੀ।
ਕਾਂਗਰਸ ਵਿਧਾਇਕ ਹਰਦੀਪ ਨੇ ਆਪਣੇ ਅਸਤੀਫ਼ਾ ਸਪੀਕਰ ਨੂੰ ਭੇਜ ਦਿੱਤਾ ਹੈ ਅਜਿਹੇ ਵਿੱਚ ਕਾਂਗਰਸ ਕੋਲ 113 ਵਿਧਾਇਕ ਬਚੇ ਹਨ ਅਤੇ ਭਾਰਤੀ ਜਨਤਾ ਪਾਰਟੀ ਕੋਲ 107 ਹਨ। 230 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚੋਂ 2 ਦਾ ਦਿਹਾਂਤ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਇਹ ਗਿਣਤੀ 228 ਰਹਿ ਜਾਂਦੀ ਹੈ। ਕਾਂਗਰਸ ਨੂੰ ਦੋ ਬਸਪਾ, ਇੱਕ ਸਪਾ ਅਤੇ ਚਾਰ ਆਜ਼ਾਦ ਵਿਧਾਇਕਾਂ ਦਾ ਸਮਰਥਣ ਹਾਸਲ ਹੈ।