ਨਵੀਂ ਦਿੱਲੀ: ਅਨਲੌਕ-4 ਦੇ ਦਿਸ਼ਾ-ਨਿਰਦੇਸ਼ਾਂ ਦੇ ਸਬੰਧ ਵਿੱਚ ਬੁੱਧਵਾਰ ਨੂੰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਦੀ ਇੱਕ ਮਹੱਤਵਪੂਰਨ ਬੈਠਕ ਹੋਈ। ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ। ਦੂਜੇ ਪਾਸੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।
LG ਨੇ ਮੈਟਰੋ ਨੂੰ ਹਰੀ ਝੰਡੀ ਦਿੱਤੀ
ਇਸ ਬੈਠਕ ਵਿੱਚ ਸਭ ਤੋਂ ਮਹੱਤਵਪੂਰਨ ਚਰਚਾ ਮੈਟਰੋ ਬਾਰੇ ਸੀ। ਸੂਤਰਾਂ ਅਨੁਸਾਰ ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਵੱਲੋਂ 7 ਸਤੰਬਰ ਤੋਂ ਮੈਟਰੋ ਚਲਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਦਿੱਲੀ ਵਿੱਚ ਮੈਟਰੋ ਸੰਚਾਲਨ ਦਾ ਰਾਹ ਸਾਫ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 7 ਸਤੰਬਰ ਤੋਂ ਦੇਸ਼ ਭਰ ਵਿੱਚ ਮੈਟਰੋ ਚਲਾਉਣ ਦੀ ਆਗਿਆ ਦੇ ਦਿੱਤੀ ਸੀ ਪਰ ਇਸਦਾ ਫ਼ੈਸਲਾ ਦਿੱਲੀ ਵਿੱਚ ਡੀਡੀਐਮਏ ਦੀ ਮੀਟਿੰਗ ਵਿੱਚ ਹੋਣਾ ਸੀ।
ਮੰਗਲਵਾਰ ਨੂੰ ਆਏ ਸੀ 2312 ਕੇਸ
ਦੱਸਣਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸ ਫਿਰ ਵਧਣੇ ਸ਼ੁਰੂ ਹੋ ਗਏ ਹਨ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 2312 ਨਵੇਂ ਮਾਮਲੇ ਸਾਹਮਣੇ ਆਏ। ਇਹ ਪਿਛਲੇ ਦੋ ਮਹੀਨਿਆਂ ਵਿੱਚ ਸਭ ਤੋਂ ਵੱਡੀ ਸੰਖਿਆ ਹੈ। ਵਧ ਰਹੇ ਕੋਰੋਨਾ ਸੰਕਟ ਨੂੰ ਵੇਖਦਿਆਂ ਇਹ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ ਕਿ ਉਪ ਰਾਜਪਾਲ ਮੈਟਰੋ ਦੇ ਸੰਚਾਲਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ ਅਤੇ ਮੈਟਰੋ ਦੇ ਸੰਚਾਲਨ ਨੂੰ ਹਰੀ ਝੰਡੀ ਦੇ ਦਿੱਤੀ ਗਈ।