ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਇੱਕ ਚਿੱਠੀ ਮਿਲੀ ਹੈ। ਇਸ ਚਿੱਠੀ ਵਿੱਚ ਹਾਈ ਕੋਰਟ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਸਕੱਤਰੇਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਚਿੱਠੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਚੌਕਸ ਹੋ ਗਈ ਹੈ। ਚੰਡੀਗੜ੍ਹ ਦੇ ਐੱਸਐੱਸਪੀ ਨੀਲਾਬੰਰੀ ਜਗਦਾਲੇ ਅਤੇ ਡੀਐੱਸਪੀ ਚਰਨਜੀਤ ਸਿੰਘ ਸਕੱਤਰੇਤ ਤੇ ਹਾਈ ਕੋਰਟ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਬਾਅਦ ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਤੇ ਸਕੱਤਰੇਤ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਚਿੱਠੀ ਮੁਤਾਬਕ ਘਟਨਾ ਨੂੰ 16 ਅਕਤੂਬਰ ਨੂੰ ਅੰਜਾਮ ਦੇਣ ਦਾ ਜ਼ਿਕਰ ਕੀਤਾ ਗਿਆ ਹੈ।
ਪੁਲਿਸ ਨੂੰ ਧਮਕੀ ਲਗ ਰਹੀ ਸ਼ਰਾਰਤ
ਐਸਐਸਪੀ ਨੀਲਾਬੰਰੀ ਜਗਦਾਲੇ ਦਾ ਕਹਿਣਾ ਹੈ ਕਿ ਇਹ ਚਿੱਠੀ ਕਿਸੇ ਦੀ ਸ਼ਰਾਰਤ ਲੱਗ ਰਹੀ ਹੈ, ਪਰ ਫਿਰ ਵੀ ਪੁਲਿਸ ਵੱਲੋਂ ਇਸ ਚਿੱਠੀ ਦੀ ਤਸਦੀਕ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਧਮਕੀ ਭਾਰਿਆ ਪੱਤਰ 2 ਤੋਂ 3 ਦਿਨ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੂੰ ਮਿਲਿਆ ਸੀ। ਇਸ ਪੱਤਰ ਦੇ ਮਿਲਣ ਤੋਂ ਬਾਅਦ ਹੀ ਸ਼ਹਿਰ ਦੀ ਸੁੱਰਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਚਿੱਠੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੀਤਾ ਸੁਰੱਖਿਆ ਵਿੱਚ ਵਾਧਾ
ਉਥੇ ਹੀ ਸੀਆਈਡੀ ਦੇ ਡੀਐਸਪੀ ਰਾਮ ਗੋਪਾਲ ਨੇ ਕਿਹਾ ਕਿ ਸਾਡੇ ਵੱਲੋਂ ਚਿੱਠੀ ਨੂੰ ਗੰਭੀਰਤਾ ਲਿਆ ਗਿਆ ਹੈ ਤੇ ਇਸ ਦੀ ਪੁਰੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੀ ਸੁਰੱਖਿਆ ਵਾਧਾ ਕਰ ਦਿੱਤਾ ਗਿਆ ਹੈ ਤੇ ਸੱਕੀ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੂੰ ਚਿੱਠੀ ਬਾਰੇ ਇਨ੍ਹਾਂ ਹੀ ਪਤਾ ਲਗਿਆ ਹੈ ਕਿ ਚਿੱਠੀ ਕਿਸੇ ਸੰਸਥਾ ਤੋਂ ਨਹੀਂ ਆਈ ਸਗੋਂ ਕਿਸੇ ਵਿਅਕਤੀ ਵੱਲੋਂ ਭੇਜੀ ਗਈ ਹੈ। ਡੀਐਸਪੀ ਨੇ ਕਿਹਾ ਕਿ ਪੁਲਿਸ ਜਲਦ ਇਸ ਨੂੰ ਗੁਥੀ ਨੂੰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।