ਨਵੀਂ ਦਿੱਲੀ: ਖੁਫ਼ੀਆ ਬਿਊਰੋ (ਆਈਬੀ) ਨੇ ਅੱਤਵਾਦੀਆਂ ਦੇ ਨਾਲ ਸਬੰਧਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਦਵਿੰਦਰ ਸਿੰਘ ਵੱਲੋਂ ਕਈ ਸਾਲ ਪਹਿਲਾਂ ਲਿਖੀ ਗਈ ਇੱਕ ਚਿੱਠੀ ਬਾਰੇ ਪਤਾ ਲੱਗਿਆ ਹੈ।
ਦਵਿੰਦਰ ਵੱਲੋਂ 2005 ਵਿੱਚ ਲਿਖੀ ਗਈ ਇਸ ਚਿੱਠੀ ਵਿੱਚ ਦਿੱਲੀ ਪੁਲਿਸ ਵੱਲੋਂ ਕਸ਼ਮੀਰ ਤੋਂ ਦਿੱਲੀ ਵੱਲ ਜਾ ਰਹੇ ਦਿੱਲੀ-ਗੁਰੂਗ੍ਰਾਮ ਸਰਹੱਦ ਉੱਤੇ ਫੜੇ ਗਏ 4 ਅੱਤਵਾਦੀਆਂ ਵਿੱਚੋਂ ਇੱਕ ਦੇ ਲਈ ਸੁਰੱਖਿਅਤ ਰਾਹ ਲਈ ਕਿਹਾ ਗਿਆ ਸੀ।
ਸਿੰਘ ਨੂੰ ਪਿੱਛੇ ਜਿਹਾ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਨੇ ਆਪਣੇ ਵਕੀਲ ਨੂੰ ਲਿਖੀ ਚਿੱਠੀ ਵਿੱਚ ਸਿੰਘ ਦੇ ਨਾਂਅ ਦਾ ਜ਼ਿਕਰ ਕੀਤਾ ਸੀ।
ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਹੁਣ ਸਿੰਘ ਦੇ 2005 ਦੀ ਚਿੱਠੀ ਦੀ ਵੀ ਜਾਂਚ ਕਰੇਗੀ।
ਆਈਬੀ ਦੇ ਸੂਤਰਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ 1 ਜੁਲਾਈ, 2005 ਨੂੰ ਗੁਰੂਗ੍ਰਾਮ-ਦਿੱਲੀ ਹੱਦ ਤੋਂ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿੰਨ੍ਹਾਂ ਦੇ ਕੋਲ 50,000 ਰੁਪਏ ਦੀ ਨਕਲੀ ਕਰੰਸੀ ਤੋਂ ਇਲਾਵਾ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਹੋਏ ਸਨ।
4 ਅੱਤਵਾਦੀਆਂ ਵਿੱਚੋਂ 2 ਦੀ ਪਹਿਚਾਣ ਸਾਕਿਬ ਰਹਿਮਾਨ ਉਰਫ਼ ਮਸੂਦ ਅਤੇ ਹਾਜ਼ੀ ਗੁਲਾਮ ਮੋਇਉਦੀਨ ਡਾਰ ਉਰਫ਼ ਜਾਹਿਦ ਦੇ ਰੂਪ ਵਿੱਚ ਹੋਈ ਸੀ।
ਇੱਕ ਸੂਤਰ ਨੇ ਇਹ ਵੀ ਕਿਹਾ ਕਿ ਜਾਂਚ ਦੌਰਾਨ ਪੁਲਿਸ ਨੇ ਪਾਲਮ ਏਅਰ ਬੇਸ ਦਾ ਇੱਕ ਸਕੈਚ ਅਤੇ ਨਾਲ ਹੀ ਡਾਰ ਨੂੰ ਸਿੰਘ ਵੱਲੋਂ ਲਿਖੀ ਗਈ ਇੱਕ ਚਿੱਠੀ ਵੀ ਜ਼ਬਤ ਕੀਤੀ ਗਈ।