ਸ਼ਿਕਾਰ ਦੇ ਲਾਲਚ 'ਚ ਖੂਹ ਵਿੱਚ ਜਾ ਡਿੱਗਿਆ ਚੀਤਾ, ਜੰਗਲਾਤ ਵਿਭਾਗ ਨੇ ਕੱਢਿਆ ਬਾਹਰ
ਇੱਕ ਕੁੱਤੇ ਨੇ ਆਪਣੀ ਜਾਨ ਬਚਾਉਣ ਲਈ ਖੂਹ 'ਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਸਦੀ ਤਾਂ ਮੌਤ ਹੋ ਗਈ, ਪਰ ਕੁੱਤੇ ਦਾ ਸ਼ਿਕਾਰ ਕਰਨ ਆਇਆ ਚੀਤਾ ਵੀ ਉਸਦੇ ਨਾਲ ਹੀ ਖੂਹ 'ਚ ਜਾ ਡਿੱਗਿਆ। ਪਰ, ਚੀਤੇ ਦੀ ਕਿਸਮਤ ਨੇ ਸਾਥ ਦਿੱਤਾ ਤੇ ਉਸਦੀ ਜਾਨ ਬੱਚ ਗਈ।
ਪੂਨੇ: ਕੁੱਤੇ ਦਾ ਸ਼ਿਕਾਰ ਕਰਨ ਲਈ ਦਹਾੜਦਾ ਚੀਤਾ ਅਚਾਨਕ ਕੁੱਤੇ ਦੇ ਨਾਲ ਹੀ ਖੂਹ ਵਿੱਚ ਜਾ ਡਿੱਗਿਆ ਪਰ, ਖੂਹ ਵਿੱਚ ਡਿੱਗਦੇ ਹੀ ਚੀਤੇ ਦੇ ਹੋਸ਼ ਟਿਕਾਣੇ ਆ ਗਏ ਤੇ ਉਸਨੂੰ ਸ਼ਿਕਾਰ ਛੱਡ ਹੁਣ ਆਪਣੀ ਜਾਨ ਦੀ ਪੈ ਗਈ। ਪੂਰੀ ਰਾਤ ਚੀਤੇ ਨੇ ਆਪਣੀ ਜਾਨ ਬਚਾਉਣ ਲਈ ਮਸ਼ੱਕਤ ਕੀਤੀ।
ਹਾਲਾਂਕਿ, ਅਗਲੀ ਸਵੇਰ ਸਥਾਨਕ ਲੋਕਾਂ ਨੇ ਖੂਹ ਵਿੱਚ ਦੋ ਜਾਨਵਰ ਵੇਖ ਜੰਗਲਾਤ ਵਿਭਾਗ ਨੂੰ ਇਸਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਚੀਤੇ ਨੂੰ ਬਾਹਰ ਕੱਢਿਆ। ਦੱਸ ਦਈਏ ਕਿ ਕੁੱਤੇ ਦੀ ਪਹਿਲਾਂ ਹੀ ਮੌਤ ਹੋ ਗਈ ਸੀ।
ਸ਼ਿਰੂਰ ਰੇਂਜ ਰੈਸਕਿਊ ਟੀਮ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਚੀਤੇ ਨੂੰ ਬਚਾਉਣ ਲਈ ਕਾਫ਼ੀ ਮਿਹਨਤ ਕੀਤੀ ਅਤੇ ਵਿਸ਼ੇਸ਼ ਪ੍ਰਕਾਰ ਦੇ ਪਿੰਜਰੇ ਦਾ ਇਸਤੇਮਾਲ ਕੀਤਾ। ਬਾਅਦ ਵਿੱਚ ਚੀਤੇ ਨੂੰ ਇਲਾਜ ਲਈ ਜੁੰਨਾਰ ਦੇ ਮਾਨਿਕਦੋਹ ਚੀਤਾ ਬਚਾਅ ਕੇਂਦਰ 'ਚ ਭੇਜ ਦਿੱਤਾ ਗਿਆ।