ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਸਣੇ ਅੱਜ ਭਾਰਤ ਆ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਸੋਮਵਾਰ ਨੂੰ ਆਗਰਾ ਪਹੁੰਚਣਗੇ ਅਤੇ ਤਾਜ ਮਹਿਲ ਦਾ ਦੌਰਾ ਕਰਨ ਤੋਂ ਬਾਅਦ ਪੂਰਬੀ ਦਰਵਾਜ਼ੇ ਨੇੜੇ ਹੋਟਲ ਅਮਰ ਵਿਲਾਸ ਜਾਣਗੇ। ਉੱਥੇ ਉਨ੍ਹਾਂ ਦੇ ਲਈ ਕੋਹੀਨੂਰ ਸੂਟ ਬੁੱਕ ਕਰਵਾਇਆ ਗਿਆ ਹੈ ਜਿਸ ਦਾ ਇੱਕ ਦਿਨ ਦਾ ਕਿਰਾਇਆ 11 ਲੱਖ ਰੁਪਏ ਹੈ।
ਇਸ ਤੋਂ ਇਲਾਵਾ ਇਸੇ ਫਲੋਰ ਦੇ ਹੋਰ ਕਮਰੇ ਅਮਰੀਕੀ ਦਲ ਲਈ ਬੁੱਕ ਕਰਵਾਏ ਗਏ ਹਨ। ਟਰੰਪ, ਕੋਹੀਨੂਰ ਸੂਟ ਤੋਂ ਵੀ ਤਾਜ ਮਹਿਲ ਦਾ ਦੀਦਾਰ ਕਰ ਸਕਦੇ ਹਨ। ਹੋਟਲ ਦ ਓਬਰੋਏ ਅਮਰ ਵਿਲਾਸ ਸੱਤ ਸਿਤਾਰਾ ਸੂਚੀ ਦੇ ਹੋਟਲਾਂ ਵਿੱਚ ਸ਼ਾਮਲ ਹੈ।
ਦੱਸ ਦਈਏ ਕਿ ਕੋਹੀਨੂਰ ਸੂਟ ਵਿੱਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਅਤੇ ਉਨ੍ਹਾਂ ਦੀ ਪਤਨੀ ਕਾਰਲਾ ਬਰੂਨੀ ਵੀ ਠਹਿਰ ਚੁੱਕੇ ਹਨ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਅਤੇ ਉਨ੍ਹਾਂ ਦੀ ਪਤਨੀ ਸਾਬਾ ਮੁਸ਼ੱਰਫ ਵੀ ਉੱਥੇ ਠਹਿਰੇ ਹਨ। ਉਨ੍ਹਾਂ ਦੇ ਖਾਣੇ ਲਈ ਅਮਰੀਕੀ ਪਕਵਾਨ ਦੇ ਨਾਲ ਭਾਰਤੀ ਪਕਵਾਨ ਵੀ ਸ਼ਾਮਲ ਕੀਤੇ ਗਏ ਹਨ।