ਨਵੀਂ ਦਿੱਲੀ: ਰਾਜਧਾਨੀ ਵਿੱਚ ਕੋਵਿਡ-19 ਫੈਲਣ ਤੋਂ ਬਾਅਦ ਦਿੱਲੀ ਵਿੱਚ 22 ਮਾਰਚ ਤੋਂ ਮੈਟਰੋ ਸੇਵਾ ਬੰਦ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਮੈਟਰੋ ਸੇਵਾਵਾਂ ਮੁੜ ਚਾਲੂ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਮੈਟਰੋ ਸੇਵਾਵਾਂ ਦਿੱਲੀ ਵਿੱਚ ਮੁੜ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਅਸੀਂ ਨਹੀਂ ਚਾਹੁੰਦੇ ਕਿ ਸੇਵਾਵਾਂ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਚਲਾਈਆਂ ਜਾਣ, ਪਰ ਉਨ੍ਹਾਂ ਨੂੰ ਪੜਾਅਵਾਰ ਦਿੱਲੀ ਵਿੱਚ ਮੁੜ ਚਾਲੂ ਕੀਤਾ ਜਾਣਾ ਚਾਹੀਦਾ ਹੈ।"
ਉਨ੍ਹਾਂ ਕਿਹਾ, "ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਲਦੀ ਹੀ ਇਸ ਬਾਰੇ ਕੋਈ ਫੈਸਲਾ ਲਵੇਗੀ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਅਸੀਂ ਕੇਂਦਰ ਨਾਲ ਕਈ ਵਾਰ ਇਹ ਮੁੱਦਾ ਚੁੱਕਿਆ ਹੈ।"
ਦਿੱਲੀ ਸਰਕਾਰ ਨੇ ਵਪਾਰੀਆਂ ਤੋਂ ਸੁਝਾਅ ਵੀ ਮੰਗੇ ਹਨ ਕਿਵੇਂ ਬੁਰੀ ਤਰ੍ਹਾਂ ਪ੍ਰਭਾਵਤ ਆਰਥਿਕ ਸਥਿਤੀ ਨੂੰ ਮੁੜ ਲੀਹ ਉੱਤੇ ਲਿਆਂਦਾ ਜਾਵੇ।
ਕੇਜਰੀਵਾਲ ਨੇ ਕਿਹਾ, "ਮੈਂ ਸਮਝ ਸਕਦਾ ਹਾਂ ਕਿ ਇਸ ਵਾਰ ਆਰਥਿਕਤਾ ਬਹੁਤ ਮਾੜੀ ਸਥਿਤੀ ਵਿਚ ਹੈ। ਤੁਸੀਂ ਸਾਰੇ ਬਹੁਤ ਮੁਸ਼ਕਲ ਪੜਾਅ ਵਿਚੋਂ ਲੰਘ ਰਹੇ ਹੋ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।"
ਆਪਣੀ ਸਰਕਾਰ ਦੀਆਂ ਪਿਛਲੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਮਿਲ ਕੇ ਪਿਛਲੇ ਪੰਜ ਸਾਲਾਂ ਵਿੱਚ ਵੱਡੇ ਕਾਰਨਾਮੇ ਕੀਤੇ ਹਨ। "ਮੈਂ ਤੁਹਾਡੇ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮਿਲ ਕੇ ਅਸੀਂ ਆਰਥਿਕਤਾ ਨੂੰ ਠੀਕ ਕਰਾਂਗੇ। ਅਸੀਂ ਨਾ ਸਿਰਫ ਵੈਟ ਨੂੰ ਸਰਲ ਬਣਾਇਆ, ਬਲਕਿ ਅਸੀਂ ਕਈ ਉਤਪਾਦਾਂ 'ਤੇ ਸਿੱਧੇ ਵੈਟ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ। ਅਸੀਂ ਬਿਨਾਂ ਕਿਸੇ ਦਬਾਅ ਦੇ ਅਜਿਹਾ ਕੀਤਾ।"