ਨਵੀਂ ਦਿੱਲੀ: ਰਾਜਧਾਨੀ ਦੇ ਸ਼ਾਹੀਨ ਬਾਗ਼ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਪ੍ਰਦਰਸ਼ਨ ਦੌਰਾਨ ਚੱਲੀ ਗੋਲ਼ੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸ਼ਬਦੀ ਹਮਲਾ ਕੀਤਾ ਹੈ।
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, "ਅਮਿਤ ਸ਼ਾਹ ਜੀ, ਇਹ ਤੁਸੀਂ ਕੀ ਹਾਲ ਬਣਾ ਰੱਖਿਆ ਹੈ ਸਾਡੀ ਦਿੱਲੀ ਦਾ? ਦਿਨ ਦਿਹਾੜੇ ਗੋਲ਼ੀਆਂ ਚੱਲ ਰਹੀਆਂ ਹਨ, ਕਾਨੂੰਨ ਵਿਵਸਥਾ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ, ਵੋਟਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਰਾਜਨੀਤੀ ਵੀ ਚਲਦੀ ਰਹੇਗੀ ਪਰ ਦਿੱਲੀ ਦੇ ਲੋਕਾਂ ਦੇ ਖ਼ਾਤਰ, ਕਿਰਪਾ ਕਰ ਕੇ ਕਾਨੂੰਨ ਵਿਵਸਥਾ ਠੀਕ ਕਰਨ ਤੇ ਧਿਆਨ ਦਿੱਤਾ ਜਾਵੇ"
ਜ਼ਿਕਰ ਕਰ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਕਪਿਲ ਨਾਂਅ ਦੇ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ ਇਸ ਤੋਂ ਬਾਅਦ ਹਥਿਆਰ ਨੂੰ ਝਾੜੀਆਂ ਵਿੱਚ ਸੁੱਟ ਕੇ ਭੱਜਣ ਦੀ ਫਿਰਾਕ ਵਿੱਚ ਸੀ ਜਿਸ ਦੌਰਾਨ ਉਹ ਪੁਲਿਸ ਦੇ ਧੱਕੇ ਚੜ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਜੈ ਸ੍ਰੀ ਰਾਮ ਦੇ ਨਾਅਰੇ ਲਾ ਰਿਹਾ ਸੀ।
ਜਾਂਚ ਦੌਰਾਨ ਕਪਿਲ ਨੇ ਕਿਹਾ ਕਿ ਇਸ ਦੇਸ਼ ਵਿੱਚ ਸਿਰਫ਼ ਹਿੰਦੂਆਂ ਦੀ ਚੱਲੇਗੀ। ਪੁਲਿਸ ਨੂੰ ਕਿਹਾ ਕਿ ਉਸ ਦੇ ਆਪਣੇ ਹੀ ਦੇਸ਼ ਵਿੱਚ ਕਿਵੇਂ ਕੁਝ ਮੁੱਠੀ ਭਰ ਲੋਕਾਂ ਨੇ ਸ਼ਾਹੀਨ ਬਾਗ਼ ਵਿੱਚ ਸੜਕ ਤੇ ਕਬਜ਼ਾ ਕੀਤਾ ਹੋਇਆ ਹੈ। ਉਸ ਨੂੰ ਇਸ ਗੱਲ ਦਾ ਗੁੱਸਾ ਹੈ ਅਤੇ ਉਹ ਇਸ ਸੜਕ ਖਲਾਉਣ ਲਈ ਉੱਥੇ ਗਿਆ ਸੀ।
ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ਦੇ ਮਾਹੌਲ ਵਿੱਚ ਅਜਿਹੀ ਕੀ ਜ਼ਹਿਰ ਘੁਲ ਗਈ ਹੈ ਜੋ ਦਿੱਲੀ ਦੇ ਨੌਜਵਾਨ ਸ਼ਰੇਆਮ ਹਥਿਆਰ ਲਹਿਰਾ ਕੇ ਗੋਲ਼ੀਆਂ ਚਲਾ ਰਹੇ ਹਨ। ਜੇ ਯਾਦ ਹੋਵੇ ਇਸ ਤੋਂ ਪਹਿਲਾਂ ਇੱਕ ਨੌਜਵਾਨ ਨੇ ਜਾਮੀਆ ਪ੍ਰਦਰਸ਼ਨ ਦੌਰਾਨ ਗੋਲ਼ੀ ਚਲਾਈ ਸੀ ਇਸ ਤੋਂ ਬਾਅਦ ਹੁਣ ਅੱਜ ਸ਼ਾਹੀਨ ਬਾਗ਼ ਵਿੱਚ ਇੱਕ ਨੌਜਵਾਨ ਨੇ ਗੋਲ਼ੀ ਚਲਾ ਦਿੱਤੀ ਹੈ ਅਤੇ ਇੰਨਾ ਦੋਵਾਂ ਨੇ ਗ੍ਰਿਫ਼ਤਾਰੀ ਵੇਲੇ ਜੈ ਸ੍ਰੀ ਰਾਮ ਦੇ ਨਾਅਰੇ ਲਾਏ ਹਨ। ਇੱਥੇ ਇਹ ਸਵਾਲ ਉੱਠਦਾ ਹੈ ਕਿ ਕਿਤੇ ਇੱਕ ਧਰਮ ਨੂੰ ਨਿਸ਼ਾਨਾਂ ਤਾਂ ਨਹੀਂ ਬਣਾਇਆ ਜਾ ਰਿਹਾ ਹੈ।
ਇੱਥੇ ਇਹ ਵੀ ਸੋਚਣਾ ਬਣਦਾ ਹੈ ਜਦੋਂ ਪੂਰਨ ਬਹੁਮਤ ਵਾਲੀ ਸਰਕਾਰ ਦੇ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਹ ਬਿਆਨ ਦਿੱਤਾ ਦਿੱਤਾ ਜਾਂਦਾ ਹੈ ਕਿ, ਦੇਸ਼ ਦੇ ਗਦਾਰੋਂ ਕੋ ਗੋਲੀ ਮਾਰੋ @#%# ਕੋ, ਉੱਥੇ ਦੇਸ਼ ਵਿੱਚ ਅਜਿਹਾ ਮਾਹੌਲ ਬਣਨਾ ਕਿਤੇ ਨਾ ਕਿਤੇ ਸੁਭਾਵਿਕ ਹੀ ਜਾਪਦਾ ਹੈ।