ਨਵੀਂ ਦਿੱਲੀ: ਕੋਰੋਨਾ ਦੇ ਮਰੀਜ਼ਾਂ ਲਈ ਦਿੱਲੀ ਸਰਕਾਰ ਨੇ ਹੋਮ ਆਈਸੋਲੇਸ਼ਨ ਦਾ ਇੱਕ ਵੱਡਾ ਪਲਾਨ ਬਣਾਇਆ ਸੀ। ਇਹ ਪਿਛਲੇ ਸੋਮਵਾਰ ਤੋਂ ਪਹਿਲਾਂ ਵੀ ਲਾਗੂ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਪ ਰਾਜਪਾਲ ਅਨਿਲ ਬੈਜਲ ਨੂੰ ਮੁੜ ਇਸ ਯੋਜਨਾ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ।
ਐਲਜੀ ਨੇ ਨਵੇਂ ਬਣਾਏ ਨਿਯਮ
ਦਰਅਸਲ ਬੀਤੇ ਐਤਵਾਰ ਨੂੰ ਐਲਜੀ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਹੋਈ ਆਪਦਾ ਪ੍ਰਬੰਧਨ ਅਥਾਰਟੀ ਦੀ ਇੱਕ ਬੈਠਕ ਵਿੱਚ ਕੋਰੋਨਾ ਪੀੜਤਾਂ ਲਈ ਹੋਮ ਆਈਸੋਲੇਸ਼ਨ ਦੀ ਇੱਕ ਵੱਖਰੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਵਿੱਚ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਪਹਿਲਾਂ ਸਰਕਾਰ ਦੁਆਰਾ ਬਣਾਏ ਗਏ ਕੇਂਦਰ ਦਾ ਦੌਰਾ ਕਰਨਾ ਪਵੇਗਾ।
ਡਾਕਟਰ ਉਨ੍ਹਾਂ ਦੀ ਉਥੇ ਹੀ ਜਾਂਚ ਕਰੇਗਾ ਅਤੇ ਲੋਕ ਉਸ ਦੀ ਇਜਾਜ਼ਤ ਨਾਲ ਹੋਮ ਆਈਸੋਲੇਸ਼ਨ ਵਿੱਚ ਰਹਿ ਸਕਦੇ ਹਨ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇਗਾ। ਉਪ ਰਾਜਪਾਲ ਦੇ ਇਸ ਆਦੇਸ਼ ਤੋਂ ਬਾਅਦ ਸਾਰੇ ਕੇਂਦਰਾਂ ਵਿੱਚ ਹਫੜਾ-ਦਫੜੀ ਦੀ ਸਥਿਤੀ ਹੈ।
ਮਨੀਸ਼ ਸਿਸੋਦੀਆ ਨੇ ਜਤਾਇਆ ਇਤਰਾਜ਼
ਸਾਰੇ ਕੇਂਦਰਾਂ ਵਿੱਚ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਦੀ ਘਾਟ ਕਾਰਨ ਕੋਰੋਨਾ ਪੀੜਤ ਮਰੀਜ਼ਾਂ ਨੂੰ ਘੰਟਿਆਂ ਬੱਧੀ ਲਾਈਨ ਵਿੱਚ ਲੱਗਣਾ ਪੈ ਰਿਹਾ ਹੈ। ਇਸ ਨਾਲ ਉਸ ਦੀ ਸਿਹਤ ਵਿਗੜਦੀ ਜਾ ਰਹੀ ਹੈ। ਇਸ ਲਈ ਮੰਗਲਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਉਪ ਰਾਜਪਾਲ ਤੋਂ ਹੋਮ ਆਈਸੋਲੇਸ਼ਨ ਦੇ ਪੁਰਾਣੇ ਨਿਯਮ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।
ਸਿਸੋਦੀਆ ਨੇ ਇਸ ਬਾਰੇ ਐਲਜੀ ਅਨਿਲ ਬੈਜਲ ਨੂੰ ਇੱਕ ਪੱਤਰ ਵੀ ਭੇਜਿਆ ਹੈ। ਹੁਣ ਸੀਐੱਮ ਅਰਵਿੰਦ ਕੇਜਰੀਵਾਲ ਵੀ ਦਿੱਲੀ ਸਰਕਾਰ ਵੱਲੋਂ ਹੋਮ ਆਈਸੋਲੇਸ਼ਨ ਲਈ ਬਣਾਏ ਨਿਯਮ ਨੂੰ ਲਾਗੂ ਕਰਨ ਦੀ ਬੇਨਤੀ ਕਰ ਰਹੇ ਹਨ।
ਦੱਸ ਦਈਏ ਕਿ ਦਿੱਲੀ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3947 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 20 ਜੂਨ ਨੂੰ 3630 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਸੀ ਪਰ ਅੱਜ ਆਏ ਅੰਕੜੇ ਉਸ ਨੂੰ ਵੀ ਪਿੱਛੇ ਛੱਡ ਗਏ ਹਨ। ਇਸ ਵਾਧੇ ਦੇ ਨਾਲ, ਦਿੱਲੀ ਵਿੱਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 66,602 ਹੋ ਗਈ ਹੈ।