ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਪੂਰੇ ਮੁਲਕ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਹੈ। ਇਸ ਵਕਤ ਰਾਜਧਾਨੀ ਵਿੱਚ ਰਹਿ ਰਹੇ ਦਿਹਾੜੀ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਜਿਸ ਨੂੰ ਲੈ ਕੇ ਦਿੱਲੀ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੇ ਮਜ਼ਦੂਰਾਂ ਨੂੰ ਲੈ ਕੇ ਜਾਣ ਲਈ ਖ਼ਾਸ ਬੱਸਾਂ ਦਾ ਪ੍ਰਬੰਧ ਕੀਤਾ ਹੈ। ਅਜਿਹੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲੋਕਾਂ ਨੂੰ ਨਾ ਲੈ ਜਾਣ ਦੀ ਅਪੀਲ ਕੀਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ, "ਉੱਤਰ ਪ੍ਰਦੇਸ਼ ਅਤੇ ਦਿੱਲੀ, ਦੋਵਾਂ ਸਰਕਾਰਾਂ ਨੇ ਬੱਸਾਂ ਦਾ ਇੰਤਜ਼ਾਮ ਤਾਂ ਕਰ ਦਿੱਤਾ ਹੈ ਪਰ ਮੇਰੀ ਅਜੇ ਵੀ ਇਹੀ ਅਪੀਲ ਹੈ ਕਿ ਜਿੱਥੇ ਹੋ, ਉੱਥੇ ਹੀ ਰਹੋ, ਅਸੀਂ ਦਿੱਲੀ ਵਿੱਚ ਰਹਿਣ, ਖਾਣ, ਪੀਣ ਸਭ ਦਾ ਇੰਤਜ਼ਾਮ ਕਰ ਦਿੱਤਾ ਹੈ ਕਿਰਪਾ ਕਰਕੇ ਆਪਣੇ ਘਰ ਹੀ ਰਹੋ, ਆਪਣੇ ਪਿੰਡ ਨਾ ਜਾਓ ਨਹੀਂ ਤਾ ਤਾਲਾਬੰਦੀ ਦਾ ਮਕਸਦ ਖ਼ਤਮ ਹੋ ਜਾਵੇਗਾ।"