ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸਰਗਰਮ ਅੱਤਵਾਦੀਆਂ ਨਾਲ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਦਵਿੰਦਰ ਸਿੰਘ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਅੱਤਵਾਦੀ ਨਾਵੇਦ ਦੇ ਨਾਲ ਇੱਕ ਕਾਰ ਵਿੱਚ ਜਾ ਰਿਹਾ ਸੀ।
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨੇ ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਗੁਪਤ ਆਪਰੇਸ਼ਨਾਂ ਬਾਰੇ ਵੀ ਅੱਤਵਾਦੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੋ ਸਕਦੀ ਹੈ। ਦਵਿੰਦਰ ਸਿੰਘ ਜੰਮੂ-ਕਸ਼ਮੀਰ ਪੁਲਿਸ ਦੇ ਕਾਊਂਟਰ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਵਿੱਚ ਇਕ ਸਬ ਇੰਸਪੈਕਟਰ ਵਜੋਂ ਸ਼ਾਮਲ ਹੋਏ ਸਨ ਅਤੇ ਆਪਣੀ ਅੱਤਵਾਦ ਵਿਰੋਧੀ ਕਾਰਵਾਇਆ ਕਰਕੇ ਉਨ੍ਹਾਂ ਨੇ ਕਈ ਪੁਲਿਸ ਮੈਡਲ ਵੀ ਹਾਸਲ ਕੀਤੇ ਅਤੇ ਨਾਲ ਹੀ ਤੇਜ਼ੀ ਨਾਲ ਡੀਐਸਪੀ ਦੇ ਅਹੁਦੇ 'ਤੇ ਪਹੁੰਚ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨਾਮ ਦੇ ਇਸ ਅਧਿਕਾਰੀ ਦਾ 2001 ਦੇ ਸੰਸਦ ਹਮਲੇ ਵਿਚ ਦੋਸ਼ੀ ਅੱਤਵਾਦੀ ਅਫਜ਼ਲ ਗੁਰੂ ਨਾਲ ਵੀ ਸਬੰਧ ਸੀ। ਪੁਲਿਸ ਸੂਤਰਾਂ ਅਨੁਸਾਰ ਅਫਜ਼ਲ ਨੇ ਖ਼ੁਦ ਅਦਾਲਤ ਵਿੱਚ ਦਵਿੰਦਰ ਸਿੰਘ ਦਾ ਨਾਮ ਲਿਆ ਸੀ। 2004 ਵਿੱਚ ਅਫਜ਼ਲ ਗੁਰੂ ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸੀ। ਉਸ ਸਮੇਂ ਅਫਜ਼ਲ ਨੇ ਆਪਣੇ ਵਕੀਲ ਸੁਸ਼ੀਲ ਕੁਮਾਰ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਡੀਐਸਪੀ ਦਵਿੰਦਰ ਸਿੰਘ ਦਾ ਵੀ ਜ਼ਿਕਰ ਸੀ। ਉਨ੍ਹਾਂ ਦਿਨਾਂ ਵਿੱਚ, ਦਵਿੰਦਰ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ (ਐਸਓਜੀ) ਵਿੱਚ ਸੀ। ਅਫਜ਼ਲ ਗੁਰੂ ਦੇ ਅਨੁਸਾਰ ਸੰਸਦ ਉੱਤੇ ਹਮਲੇ ਤੋਂ ਪਹਿਲਾਂ ਦਵਿੰਦਰ ਨੇ ਉਸ ਨੂੰ ਮੁਹੰਮਦ ਨਾਮ ਦੇ ਇੱਕ ਵਿਅਕਤੀ ਨੂੰ ਦਿੱਲੀ ਵਿੱਚ ਕਿਰਾਏ ਤੇ ਮਕਾਨ ਅਤੇ ਕਾਰ ਖਰੀਦਣ ਲਈ ਕਿਹਾ ਸੀ।