ਬੈਂਗਲੁਰੂ: ਕਰਨਾਟਕ 'ਚ ਕਾਂਗਰਸ-JDS ਸਰਕਾਰ ਡਿੱਗ ਗਈ ਹੈ। ਕਰਨਾਟਕ ਦੀ ਕੁਮਾਰਸਵਾਮੀ ਸਰਕਾਰ ਵਿਧਾਨ ਸਭਾ ਵਿੱਚ ਹੋਏ ਫ਼ਲੋਰ ਟੈਸਟ 'ਚ ਫ਼ੇਲ ਹੋ ਗਈ ਹੈ। ਵਿਸ਼ਵਾਸ ਪ੍ਰਸਤਾਵ 'ਚ ਹੋਈ ਵੋਟਿੰਗ ਦੌਰਾਨ ਕੁਮਾਵਰਸਵਾਮੀ ਸਰਕਾਰ ਦੇ ਪੱਖ 'ਚ 99 ਵੋਟਾਂ ਪਈਆਂ ਜਦਕਿ ਵਿਰੋਧ 'ਚ 105 ਵੋਟ ਪਏ। ਹੁਣ ਐਚ.ਡੀ. ਕੁਮਾਰਸਵਾਮੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਰਾਜਪਾਲ ਨੇ ਸਵੀਕਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਕੁਮਾਰਸਵਾਮੀ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਫ਼ਲੋਰ ਟੈਸਟ ਅੱਜ ਹੀ ਹੋਵੇਗਾ। ਵਿਧਾਨ ਸਭਾ 'ਚ ਭਾਸ਼ਣ ਦਿੰਦਿਆਂ ਕੁਮਾਰਸਵਾਮੀ ਨੇ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਣਾਈਆਂ।
ਕਰਨਾਟਕ ਸੰਕਟ: ਸਪੀਕਰ ਨੇ ਦਿੱਤਾ ਵੱਡਾ ਬਿਆਨ
ਭਾਸ਼ਣ 'ਚ ਕੀ ਬੋਲੇ ਕੁਮਾਰਸਵਾਮੀ?
ਕੁਮਾਰਸਵਾਮੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ, ਉਹ ਵੋਟਿੰਗ ਲਈ ਜਾਣਗੇ। ਕੁਮਾਰਸਵਾਮੀ ਨੇ ਕਿਹਾ ਕਿ ਰਾਜਨੀਤੀ 'ਚ ਮੈਂ ਅਚਾਨਕ ਆਇਆ ਸੀ। ਜਦੋਂ ਵਿਧਾਨ ਸਭਾ ਚੋਣਾਂ ਦਾ ਨਤੀਜਾ (2018) ਆਇਆ ਸੀ, ਮੈਂ ਰਾਜਨੀਤੀ ਛੱਡਣ ਬਾਰੇ ਸੋਚ ਰਿਹਾ ਸੀ।
ਵਿਧਾਨ ਸਭਾ 'ਚ ਵਿਸ਼ਵਾਸ ਮਤ ਗੁਆਉਣ ਤੋਂ ਕੁਮਾਰਸਵਾਮੀ ਨੇ ਆਪਣਾ ਅਸਤੀਫ਼ਾ ਦੇਣ ਲਈ ਰਾਜਪਾਲ ਤੋਂ ਸਮਾਂ ਮੰਗਿਆ ਹੈ। ਇਸ ਦੌਰਾਨ ਬੈਂਗਲੁਰੂ 'ਚ ਅਗਲੇ 48 ਘੰਟਿਆਂ ਦੇ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। 25 ਜੁਲਾਈ ਤੱਕ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
ਉੱਥੇ ਹੀ ਕੁਮਾਰਸਵਾਮੀ ਸਰਕਾਰ ਡਿੱਗਣ ਤੋਂ ਬਾਅਦ ਭਾਜਪਾ ਦੇ ਦਫ਼ਤਰ 'ਚ ਜਸ਼ਨ ਦਾ ਮਾਹੌਲ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਕਰਨਾਟਕ ਦੇ ਪ੍ਰਧਾਨ ਬੀਐਸ ਯੇਦੀਯੁਰੱਪਾ ਕਰਨਾਟਕ ਦੇ ਮੁੱਖ ਮੰਤਰੀ ਬਣ ਸਕਦੇ ਹਨ। ਭਾਜਪਾ ਅਗਲੇ 2 ਦਿਨਾਂ 'ਚ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੀ। ਹੁਣ ਭਾਜਪਾ ਸਰਕਾਰ ਬਣਾਉਣ ਦੀ ਤਿਆਰੀ 'ਚ ਹੈ।