ਨਵੀਂ ਦਿੱਲੀ: 26 ਜੁਲਾਈ ਨੂੰ ਕਾਰਗਿਲ ਜੰਗ ਦੇ 20 ਸਾਲ ਪੂਰੇ ਹੋ ਚੁੱਕੇ ਹਨ। ਭਾਰਤ ਨੇ 26 ਜੁਲਾਈ, 1999 ਨੂੰ ਕਾਰਗਿਲ ਜੰਗ ਜਿੱਤੀ ਸੀ, ਜਿਸ ਤੋਂ ਬਾਅਦ ਇਸ ਦਿਨ ਨੂੰ ਕਾਰਗਿਲ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕਾਰਗਿਲ ਜੰਗ 'ਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ। ਕਾਰਗਿਲ ਦੀ ਜੰਗ ਨੂੰ 'ਓਪਰੇਸ਼ਨ ਵਿਜੈ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਾਰਗਿਲ ਦੀ ਜੰਗ ਲਗਭਗ 60 ਦਿਨਾਂ ਤੱਕ ਚੱਲੀ ਸੀ ਅਤੇ 26 ਜੁਲਾਈ ਨੂੰ ਇਸ ਦਾ ਅੰਤ ਹੋ ਗਿਆ ਸੀ।
ਕਾਰਗਿਲ ਵਿਜੈ ਦਿਵਸ: ਭਾਰਤ ਦੀ ਜਿੱਤ ਦੀ ਕਹਾਣੀ - ਕਾਰਗਿਲ ਜੰਗ
ਕਾਰਗਿਲ ਦੀ ਲੜਾਈ 'ਚ ਭਾਰਤੀ ਫ਼ੌਜ ਨੇ ਆਪਣੀ ਹਿੰਮਤ ਦੇ ਦਮ 'ਤੇ ਪਾਕਿਸਤਾਨ ਦੀ ਫ਼ੌਜ ਨੂੰ ਕਰਾਰੀ ਮਾਤ ਦਿੱਤੀ ਸੀ। ਕਰੀਬ 60 ਦਿਨਾਂ ਤੱਕ ਚੱਲੀ ਸੀ ਇਸ ਲੜਾਈ ਦਾ ਅੰਤ 26 ਜੁਲਾਈ ਨੂੰ ਹੋਇਆ ਸੀ।
ਭਾਰਤੀ ਥਲ ਫ਼ੌਜ ਅਤੇ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੀ ਥਾਂ 'ਤੇ ਹਮਲਾ ਕੀਤਾ ਅਤੇ ਹੌਲੀ-ਹੌਲੀ ਅੰਤਰ-ਰਾਸ਼ਟਰੀ ਸਹਿਯੋਗ ਨਾਲ ਪਾਕਿਸਤਾਨ ਨੂੰ ਵਾਪਸ ਜਾਣ ਨੂੰ ਮਜਬੂਰ ਕਰ ਦਿੱਤਾ ਸੀ। ਪਾਕਿਸਤਾਨੀ ਘੁਸਪੈਠੀਆਂ ਖ਼ਿਲਾਫ਼ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ 'ਚ ਭਾਰਤ ਦੇ 527 ਜਵਾਨ ਸ਼ਹੀਦ ਹੋਏ ਅਤੇ ਕਰੀਬ 1363 ਜਖ਼ਮੀ ਹੋਏ ਸਨ। ਇਸ ਲੜਾਈ 'ਚ ਪਾਕਿਸਤਾਨ ਦੇ 3000 ਦੇ ਕਰੀਬ ਫ਼ੌਜੀ ਮਾਰੇ ਗਏ ਸਨ। ਹਾਲਾਂਕਿ, ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦੇ ਕਰੀਬ 357 ਜਵਾਨ ਹੀ ਮਾਰੇ ਗਏ ਸਨ। ਕਾਰਗਿਲ ਦੀ ਲੜਾਈ ਭਾਰਤੀ ਫ਼ੌਜ ਦੀ ਹਿੰਮਤ ਦਾ ਅਜਿਹਾ ਉਦਾਹਰਣ ਹੈ, ਜਿਸ 'ਤੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ।